Jalandhar News: ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਅੱਜ ਕੀਤਾ ਮੁੜ ਤਲਬ, ਅਹਿਮ ਸਬੂਤ ਹੋਣ ਦਾ ਦਾਅਵਾ
Barjinder Singh Hamdard: ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਪ੍ਰਸਿੱਧ ਪੰਜਾਬੀ ਅਖ਼ਬਾਰ 'ਅਜੀਤ' ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਨੇ ਮੁੜ ਤਲਬ ਕੀਤਾ ਹੈ।
Jalandhar News: ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਪ੍ਰਸਿੱਧ ਪੰਜਾਬੀ ਅਖ਼ਬਾਰ 'ਅਜੀਤ' ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਨੇ ਮੁੜ ਤਲਬ ਕੀਤਾ ਹੈ। ਉਨ੍ਹਾਂ ਨੂੰ ਅੱਜ 11 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਵਿਜੀਲੈਂਸ ਦਾ ਦਾਅਵਾ ਹੈ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੇ ਨਿਰਮਾ ਵਿੱਚ ਕਥਿਤ ਬੇਨਿਯਮੀਆਂ ਦੇ ਅਹਿਮ ਸੁਰਾਗ ਹੱਥ ਲੱਗੇ ਹਨ। ਇਸ ਲਈ ਬਰਜਿੰਦਰ ਸਿੰਘ ਹਮਦਰਦ ਤੋਂ ਪੁੱਛਗਿੱਛ ਕੀਤੀ ਜਾਏਗੀ।
ਹਾਸਲ ਜਾਣਕਾਰੀ ਮੁਤਾਬਕ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਦੇ ਮਾਮਲੇ ਵਿੱਚ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਨੈ ਬੁਬਲਾਨੀ ਤੇ ਛੇ ਕਾਰਜਕਾਰੀ ਇੰਜਨੀਅਰਾਂ ਨੂੰ ਵਿਜੀਲੈਂਸ ਨੇ 11 ਅਗਸਤ ਨੂੰ ਤਲਬ ਕੀਤਾ ਹੈ। ਵਿਜੀਲੈਂਸ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਗ-ਏ-ਆਜ਼ਾਦੀ ਪ੍ਰਾਜੈਕਟ ਦੀ ਉਸਾਰੀ ਦੌਰਾਨ ਹੋਈਆਂ ਕਥਿਤ ਹੇਰਾ-ਫੇਰੀਆਂ ਤੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਪਹਿਲਾਂ ਵੀ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ ਪਰ ਅਜੇ ਤੱਕ ਉਹ ਇੱਕ ਵਾਰ ਵੀ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ।
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਜੰਗ-ਏ-ਆਜ਼ਾਦੀ ਦੀ ਉਸਾਰੀ ਦੌਰਾਨ ਹੋਈਆਂ ਕਥਿਤ ਹੇਰਾ-ਫੇਰੀਆਂ ਤੇ ਬੇਨਿਯਮੀਆਂ ਦੇ ਮਾਮਲੇ ਵਿੱਚ ਬਹੁਤ ਹੀ ਅਹਿਮ ਸੁਰਾਗ ਹੱਥ ਲੱਗੇ ਹਨ। ਇਨ੍ਹਾਂ ਸੁਰਾਗਾਂ ਵਿੱਚ ਕੰਪਨੀਆਂ ਵੱਲੋਂ ਟੈਂਡਰ ਮੁਤਾਬਕ ਕੰਮ ਮੁਕੰਮਲ ਨਾ ਕੀਤੇ ਜਾਣ ਦੇ ਬਾਵਜੂਦ ਪੂਰੀ ਰਕਮ ਦਾ ਭੁਗਤਾਨ ਕਰ ਦਿੱਤਾ ਗਿਆ ਸੀ।
ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਕੁੱਲ 10 ਗੈਲਰੀਆਂ ਦੇ ਅੰਦਰੂਨੀ ਕੰਮਾਂ ਸਬੰਧੀ ਗੋਦਰੇਜ ਕੰਪਨੀ ਨਾਲ ਟੈਂਡਰ ਹੋਇਆ ਸੀ, ਪਰ ਕੰਪਨੀ ਵੱਲੋਂ ਸਿਰਫ ਛੇ ਗੈਲਰੀਆਂ ਦਾ ਕੰਮ ਹੀ ਕੀਤਾ ਗਿਆ ਹੈ। ਗੈਲਰੀਆਂ ਵਿੱਚ ਸਮਝੌਤੇ ਮੁਤਾਬਕ ਗੋਦਰੇਜ ਕੰਪਨੀ ਵੱਲੋਂ ਬੁੱਤ ਵੀ ਪੂਰੇ ਨਹੀਂ ਲਗਾਏ ਗਏ। ਹਾਸਲ ਜਾਣਕਾਰੀ ਅਨੁਸਾਰ ਜੰਗ-ਏ-ਆਜ਼ਾਦੀ ਦੀ ਕਾਰਜਕਾਰੀ ਕਮੇਟੀ ਤੇ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਟੈਂਡਰ ਮੁਤਾਬਕ ਕੰਪਨੀਆਂ ਪਾਸੋਂ ਕਰਵਾਏ ਜਾਣ ਵਾਲੇ ਕਰੋੜਾਂ ਰੁਪਏ ਦੇ ਕੰਮਾਂ ਨੂੰ ਅਧੂਰਾ ਛੱਡ ਕੇ ਉਨ੍ਹਾਂ ਦੀ ਜਗ੍ਹਾ ਮਨਮਰਜ਼ੀ ਨਾਲ ਗੈਰ-ਟੈਂਡਰ ਕੰਮ ਕਰਵਾ ਕੇ ਕੰਪਨੀਆਂ ਨੂੰ ਪੂਰੀਆਂ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।