ਜਲੰਧਰ ‘ਚ ਮੀਂਹ ਦਾ ਰੈੱਡ ਅਲਰਟ: ਸੜਕਾਂ ‘ਤੇ ਪਾਣੀ, ਹੈਲਪਲਾਈਨ ਨੰਬਰ ਜਾਰੀ, ਸਾਰੇ ਵਿਭਾਗ ਸੁਚੇਤ; ਸਕੂਲ-ਕਾਲਜ ਅੱਜ ਬੰਦ
ਭਾਰੀ ਮੀਂਹ ਕਰਕੇ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਕੁੱਝ ਜ਼ਿਲ੍ਹੇ ਜੋ ਕਿ ਪਹਿਲਾਂ ਹੀ ਹੜ੍ਹ ਦੀ ਮਾਰ ਝੱਲ ਰਹੇ ਹਨ। ਅਜਿਹੇ 'ਚ ਬੀਤੀ ਰਾਤ ਤੋਂ ਪੈ ਰਿਹਾ ਮੀਂਹ ਨੇ ਲੋਕਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ। ਜਲੰਧਰ ਚ ਵੀ ਰੈੱਡ ਅਲਰਟ..

Red Alert for Rain in Jalandhar: ਪੰਜਾਬ ਦੇ 9 ਜ਼ਿਲ੍ਹੇ ਇਸ ਵੇਲੇ ਹੜ੍ਹ ਦੀ ਮਾਰ ਝੱਲ ਰਹੇ ਹਨ। ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਇਸ ਵਿੱਚ ਸ਼ਾਮਲ ਹਨ। ਪਰ ਜਲੰਧਰ, ਕਪੂਰਥਲਾ ਅਤੇ ਫਗਵਾੜਾ ‘ਚ ਕੱਲ੍ਹ ਰਾਤ ਯਾਨੀਕਿ 31 ਅਗਸਤ ਦੀ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਨੂੰ ਧਿਆਨ ਵਿੱਚ ਰੱਖਦਿਆਂ ਅੱਜ 1 ਸਤੰਬਰ ਨੂੰ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਡੀਸੀ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਲਈ ਸੁਨੇਹਾ ਜਾਰੀ ਕੀਤਾ
ਸ਼ਹਿਰ ਦੇ ਉਹਨਾਂ ਇਲਾਕਿਆਂ ਵਿੱਚ ਵੀ ਪਾਣੀ ਭਰ ਗਿਆ ਹੈ ਜਿੱਥੇ ਅੱਜ ਤੱਕ ਕਦੇ ਪਾਣੀ ਨਹੀਂ ਭਰਿਆ ਸੀ। ਤੜਕੇ ਸਵੇਰੇ ਤੋਂ ਹੀ ਹੋ ਰਹੀ ਤੇਜ਼ ਬਾਰਿਸ਼ ਦੇ ਮੱਦੇਨਜ਼ਰ ਜਲੰਧਰ ਦੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਲਈ ਸੁਨੇਹਾ ਜਾਰੀ ਕਰਕੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਅਲਰਟ ‘ਤੇ ਹਨ। ਮੌਸਮ ਵਿਭਾਗ ਮੁਤਾਬਕ ਜਲੰਧਰ ਸ਼ਹਿਰ ਤੇ ਦੇਹਾਤੀ ਇਲਾਕਿਆਂ ਦੇ ਨਾਲ ਨਾਲ ਕਪੂਰਥਲਾ ‘ਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਹੈ।
ਅਲਰਟ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਵੀਡੀਓ
ਜਲੰਧਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਨੇ ਕਿਹਾ ਕਿ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਮੀਂਹ ਹੋਣ ਕਾਰਨ ਸ਼ਹਿਰ ਦੇ ਕਈ ਥਾਵਾਂ ‘ਤੇ ਪਾਣੀ ਇਕੱਠਾ ਹੋ ਗਿਆ ਹੈ ਅਤੇ ਕੁਝ ਥਾਵਾਂ ‘ਤੇ ਬਿਜਲੀ ਸਪਲਾਈ ‘ਚ ਵੀ ਰੁਕਾਵਟ ਆਈ ਹੈ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਸਥਿਤੀ ਨੂੰ ਸਧਾਰ ਲਿਆ ਜਾਵੇਗਾ।
ਜੇ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਹੈ ਜਾਂ ਕੋਈ ਐਮਰਜੈਂਸੀ ਸਥਿਤੀ ਹੈ ਤਾਂ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 0181-2240064 ‘ਤੇ ਫੋਨ ਕੀਤਾ ਜਾ ਸਕਦਾ ਹੈ, ਸਾਡੀਆਂ ਟੀਮਾਂ ਤੁਰੰਤ ਤੁਹਾਡੀ ਮਦਦ ਲਈ ਪਹੁੰਚ ਜਾਣਗੀਆਂ। ਦੱਸ ਦਈਏ ਕਿ ਮੀਂਹ ਦਾ ਅਲਰਟ ਮਿਲਣ ਤੋਂ ਬਾਅਦ ਤੋਂ ਹੀ ਡੀਸੀ ਖੁਦ ਰਾਤ ਦੇਰੇ ਤੋਂ ਫੀਲਡ ‘ਚ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















