ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੁਹਿਰਦ ਤੇ ਅਣਥੱਕ ਯਤਨ ਕੀਤੇ ਜਾਣਗੇ: ਅਨੁਰਾਗ ਵਰਮਾ
ਵਰਮਾ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
Jalandhar News: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਐਤਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮਹਾਨ ਸ਼ਹੀਦ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲ੍ਹਾਂ ਵਿਖੇ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਮੁੱਖ ਸਕੱਤਰ ਨੇ ਕਿਹਾ ਕਿ ਉਨ੍ਹਾਂ ਦਾ ਹਰ ਕਾਰਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਤੋਂ ਸੇਧ ਲੈ ਕੇ ਹੀ ਸ਼ੁਰੂ ਹੋਵੇਗਾ।
ਉਨ੍ਹਾਂ ਕਿਹਾ ਕਿ ਧੰਨ ਹੈ ਇਹ ਧਰਤੀ ਜਿਸ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਰਗੇ ਮਹਾਨ ਯੋਧੇ ਨੂੰ ਜਨਮ ਦਿੱਤਾ। ਸ੍ਰੀ ਵਰਮਾ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ’ਤੇ ਜਾ ਕੇ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ, ਜਿਨ੍ਹਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਮਹਾਨ ਗਾਥਾ ਲਿਖੀ।
ਵਰਮਾ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਭਾਵੇਂ ਮਹਾਨ ਸ਼ਹੀਦ ਦੇ ਬਹੁਤੇ ਸੁਪਨੇ ਪੂਰੇ ਹੋ ਚੁੱਕੇ ਹਨ ਪਰ ਅਜੇ ਵੀ ਕਈ ਸੁਪਨੇ ਬਾਕਾਇਆ ਹਨ, ਜੋ ਜਲਦ ਹੀ ਸੱਚ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਇਸ ਲਾਸਾਨੀ ਸ਼ਹੀਦ ਦੀ ਹਮੇਸ਼ਾ ਰਿਣੀ ਰਹੇਗੀ, ਜਿਨ੍ਹਾਂ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਚੁੰਗਲ ਵਿੱਚੋਂ ਛੁਡਾਉਣ ਲਈ ਮਹਿਜ਼ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ।
ਮੁੱਖ ਸਕੱਤਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਛੋਟੀ ਉਮਰੇ ਹੋਈ ਸ਼ਹਾਦਤ ਨੇ ਨੌਜਵਾਨਾਂ ਨੂੰ ਕੌਮੀ ਆਜ਼ਾਦੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ, ਜਿਸ ਨਾਲ ਦੇਸ਼ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈਣ ਦੇ ਯੋਗ ਬਣ ਸਕਿਆ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਲੱਖਾਂ ਨੌਜਵਾਨਾਂ ਲਈ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਵਰਮਾ ਨੇ ਇਹ ਵੀ ਕਿਹਾ ਕਿ ਵਿਕਸਤ ਤੇ ਖੁਸ਼ਹਾਲ ਭਾਰਤ ਦੀ ਸਿਰਜਣਾ ਲਈ ਸੂਬੇ ਦੇ ਨੌਜਵਾਨਾਂ ਨੂੰ ਸ਼ਹੀਦ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਲੋੜ ਹੈ।
ਮੁੱਖ ਸਕੱਤਰ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਭਾਵੇਂ ਸੂਬੇ ਨੂੰ ਦਰਪੇਸ਼ ਅਨੇਕਾਂ ਚੁਣੌਤੀਆਂ ਹਨ ਪਰ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ, ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਇਨ੍ਹਾਂ ਸਾਰਿਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਸੁਹਿਰਦਤਾ ਨੇ ਦ੍ਰਿੜਤਾ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਲੋਕਪੱਖੀ ਨਿਜ਼ਾਮ ਹੈ ਜੋ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਯਾਦਗਾਰ ਨੂੰ ਨਵਾਂ ਰੂਪ ਦੇਣ ਲਈ ਵਿਸਥਾਰਤ ਯੋਜਨਾ ਵੀ ਉਲੀਕੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਸਕੱਤਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸਵਰਗੀ ਕਿਸ਼ਨ ਸਿੰਘ ਦੀ ਸਮਾਧ ’ਤੇ ਜਾ ਕੇ ਸ਼ਰਧਾਂਜਲੀ ਵੀ ਭੇਟ ਕੀਤੀ।