Ludhiana News: ਸਰਹੱਦ 'ਤੇ ਛੇ ਭੈਣਾਂ ਦਾ ਇਕਲੌਤਾ ਭਰਾ ਅਗਨੀਵੀਰ ਅਜੈ ਸਿੰਘ ਸ਼ਹੀਦ, ਅੱਜ ਪੰਜਾਬ ਆਏਗੀ ਮ੍ਰਿਤਕ ਦੇਹ
Ludhiana News: ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਲਈ ਪ੍ਰਸ਼ਾਸਨ ਨੇ ਆਪਣੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡ ਦੇ ਲੋਕ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਪੱਧਰ ’ਤੇ ਤਿਆਰੀਆਂ ਕਰ ਰਹੇ ਹਨ।
Ludhiana News: ਛੇ ਭੈਣਾਂ ਦੇ ਇਕਲੌਤੇ ਭਰਾ ਅਗਨੀਵੀਰ ਅਜੈ ਸਿੰਘ ਦੀ ਬਾਰੂਦੀ ਸੁਰੰਗ ਫਟਣ ਕਾਰਨ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਅੱਜ ਜੰਮੂ ਤੋਂ ਪੰਜਾਬ ਲਿਆਂਦੀ ਜਾਏਗੀ। ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਏਗਾ। ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਤੇ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਅੱਜ ਪਰਿਵਾਰ ਨੂੰ ਮਿਲ ਰਹੇ ਹਨ। ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਲਈ ਪ੍ਰਸ਼ਾਸਨ ਨੇ ਆਪਣੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡ ਦੇ ਲੋਕ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਪੱਧਰ ’ਤੇ ਤਿਆਰੀਆਂ ਕਰ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਫਟਣ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਵਾਸੀ ਅਗਨੀਵੀਰ ਅਜੈ ਸਿੰਘ (23) ਸ਼ਹੀਦ ਹੋ ਗਿਆ। ਅਜੈ ਸਿੰਘ ਦਾ ਪੋਸਟ ਮਾਰਟਮ ਜੰਮੂ 'ਚ ਹੋ ਰਿਹਾ ਹੈ। ਲਾਸ਼ ਸ਼ੁੱਕਰਵਾਰ ਸ਼ਾਮ ਤੱਕ ਪੰਜਾਬ ਪਹੁੰਚ ਸਕਦੀ ਹੈ। ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਅਜੈ ਸਿੰਘ ਛੇ ਭੈਣਾਂ ਦਾ ਇਕਲੌਤਾ ਭਰਾ ਸੀ। ਅਜੈ ਸਿੰਘ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀਰ ਸਕੀਮ ਦੀ ਪਹਿਲੀ ਭਰਤੀ ਦੌਰਾਨ ਨਿਯੁਕਤ ਹੋਇਆ ਸੀ ਤੇ ਜਨਵਰੀ 2023 ਵਿੱਚ ਦੇਸ਼ ਦੀ ਸੇਵਾ ਲਈ ਗਿਆ ਸੀ। ਅਜੈ ਸਿੰਘ ਛੇ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ।
ਸੂਤਰਾਂ ਮੁਤਾਬਕ ਅਜੈ ਸਿੰਘ ਆਪਣੇ ਦੋ ਸਾਥੀਆਂ ਸੂਬੇਦਾਰ ਧਰਮਿੰਦਰ ਸਿੰਘ ਤੇ ਸਿਪਾਹੀ ਬਲਵੰਤ ਸਿੰਘ ਸਮੇਤ ਰਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਗਸ਼ਤ ’ਤੇ ਜਾ ਰਿਹਾ ਸੀ ਕਿ ਜ਼ਮੀਨ ਹੇਠ ਲਗਾਈ ਗਈ ਇੱਕ ਬਾਰੂਦੀ ਸੁਰੰਗ ਫਟਣ ਨਾਲ ਤਿੰਨੋਂ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਊਧਮਪੁਰ ਦੇ ਬੇਸ ਕੈਂਪ ਹਸਪਤਾਲ ਲਿਆਇਆ ਗਿਆ ਜਿੱਥੇ ਅਜੈ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਐਸਡੀਐਮ ਪਾਇਲ ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਲਈ ਕਹਿ ਦਿੱਤਾ ਹੈ। ਉਹ ਸੈਨਿਕ ਭਲਾਈ ਦਫ਼ਤਰ ਦੇ ਅਧਿਕਾਰੀਆਂ ਨਾਲ ਤਾਲਮੇਲ ਰੱਖਣਗੇ ਤਾਂ ਕਿ ਸ਼ਹੀਦ ਦੀਆਂ ਅੰਤਿਮ ਰਸਮਾਂ ਵੇਲੇ ਬਣਦਾ ਸਨਮਾਨ ਦਿੱਤਾ ਜਾ ਸਕੇ।