Ludhiana West bypoll: ਪੰਜਾਬ ਦੀ 1 ਸੀਟ 'ਤੇ ਜ਼ਿਮਨੀ ਚੋਣ ਅੱਜ, AAP ਦੇ ਰਾਜ ਸਭਾ ਸਾਂਸਦ ਮੈਦਾਨ 'ਚ, ਕਾਂਗਰਸ ਨੇ ਸਾਬਕਾ ਮੰਤਰੀ ਨੂੰ ਉਤਾਰਿਆ; 1.75 ਲੱਖ ਵੋਟਰ ਲਿਖਣਗੇ ਕਿਸਮਤ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਲਈ ਅੱਜ 1.75 ਲੱਖ ਵੋਟਰ ਵੋਟਿੰਗ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰਨਗੇ। ਇਹ ਵੋਟਰ ਹੀ ਇਸ ਸੀਟ ਉੱਤੇ ਬੈਠਣ ਵਾਲੇ ਦੀ ਕਿਸਮਤ ਲਿਖਣਗੇ। ਮੁਕਾਬਲਾ ਟੱਕਰ ਦਾ ਹੈ, ਆਓ ਜਾਣਦੇ ਹਾਂ...

Ludhiana West bypoll: ਪੰਜਾਬ ਦੇ ਲਈ ਅੱਜ ਬਹੁਤ ਹੀ ਅਹਿਮ ਦਿਨ ਹੈ। ਜੀ ਹਾਂ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ 'ਤੇ ਅੱਜ ਜ਼ਿਮਨੀ ਚੋਣ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਏਗੀ। ਇਸ ਸੀਟ 'ਤੇ ਕੁੱਲ 1,75,469 ਵੋਟਰ ਆਪਣਾ ਵੋਟ ਪਾਓਣਗੇ, ਜਿਨ੍ਹਾਂ ਲਈ 194 ਮਤਦਾਨ ਕੇਂਦਰ ਬਣਾਏ ਗਏ ਹਨ।
ਇਹ ਉਪਚੋਣ ਚਾਰ ਮੁੱਖ ਧਿਰਾਂ — ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ- ਵਿਚਕਾਰ ਸਿੱਧਾ ਮੁਕਾਬਲਾ ਬਣਿਆ ਹੋਇਆ ਹੈ। ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।
ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਖਾਲੀ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ AAP ਨੇ ਇੱਥੇ ਆਪਣੇ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ।
ਸੁਰੱਖਿਆ ਦੇ ਸਖਤ ਬੰਦੋਬਸਤ, ਕੰਟਰੋਲ ਰੂਮ ਤੋਂ ਨਿਗਰਾਨੀ
ਵੋਟਿੰਗ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਬਾਈਲ ਜਮ੍ਹਾਂ ਕਰਨ ਅਤੇ ਮਤਦਾਨ ਕੇਂਦਰਾਂ ਦੀ ਸੀਸੀਟੀਵੀ ਰਾਹੀਂ ਨਿਗਰਾਨੀ ਦਾ ਇੰਤਜ਼ਾਮ ਕੀਤਾ ਗਿਆ ਹੈ। ਕੁੱਲ 235 ਕੈਮਰੇ ਲਗਾਏ ਗਏ ਹਨ। ਚੋਣ ਦੌਰਾਨ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਇਕੀਕ੍ਰਿਤ ਕਮਾਂਡ ਕੰਟਰੋਲ ਸੈਂਟਰ ਰਾਹੀਂ ਲਾਈਵ ਹੋਏਗੀ।
ਕੁੱਲ 776 ਸਰਕਾਰੀ ਕਰਮਚਾਰੀ, ਜਿਨ੍ਹਾਂ ਵਿੱਚ ਕੇਂਦਰੀ ਅਤੇ ਰਾਜ ਸਰਕਾਰ ਦੇ ਕਰਮਚਾਰੀ, ਬੈਂਕ ਅਤੇ PSU ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ। 194 ਮਤਦਾਨ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 194 ਪ੍ਰੀਜਾਈਡਿੰਗ ਅਫਸਰ, 194 ਸਹਾਇਕ ਪ੍ਰੀਜਾਈਡਿੰਗ ਅਧਿਕਾਰੀ ਅਤੇ 388 ਮਤਦਾਨ ਅਧਿਕਾਰੀ ਸ਼ਾਮਲ ਹਨ।
ਕਾਂਗਰਸ ਨੇ ਆਸ਼ੂ ਤੇ AAP ਨੇ ਸੰਜੀਵ ਅਰੋੜਾ 'ਤੇ ਖੇਡਿਆ ਦਾਅ
ਇਸ ਸੀਟ ਤੋਂ AAP ਨੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਉਮੀਦਵਾਰੀ ਦੇ ਐਲਾਨ ਨਾਲ ਹੀ ਅਰੋੜਾ ਵਿਕਾਸ ਕਾਰਜਾਂ ਨੂੰ ਲੈ ਕੇ ਲੋਕਾਂ ਵਿਚ ਜਾਣ ਲੱਗ ਪਏ। ਵਪਾਰੀ ਹੋਣ ਕਰਕੇ ਉਹ ਉਦਯੋਗਪਤੀਆਂ ਨੂੰ ਆਪਣੇ ਵਲ ਖਿੱਚਦੇ ਹੋਏ ਵੀ ਦੇਖੇ ਗਏ।
ਦੂਜੇ ਪਾਸੇ, ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਸ਼ੂ ਇਸ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ। ਇਨ੍ਹਾਂ ਦਾ ਇਲਾਕੇ 'ਚ ਵਧੀਆ ਪ੍ਰਭਾਵ ਰਿਹਾ, ਪਰ 2022 ਵਿੱਚ AAP ਦੀ ਲਹਿਰ ਸਾਹਮਣੇ ਉਹ ਕਾਇਮ ਨਹੀਂ ਰਹਿ ਸਕੇ।
ਅਕਾਲੀ ਦਲ ਨੇ ਐਡਵੋਕੇਟ ਘੁੰਮਣ ਨੂੰ ਦਿੱਤਾ ਟਿਕਟ
ਸ਼੍ਰੋਮਣੀ ਅਕਾਲੀ ਦਲ (SAD) ਨੇ ਇੱਥੇ ਆਪਣੀ ਸਿਆਸੀ ਸਾਖ ਬਚਾਉਣ ਲਈ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਬਣਾਇਆ ਹੈ। ਘੁੰਮਣ ਪੇਸ਼ੇ ਤੋਂ ਵਕੀਲ ਹਨ।
ਭਾਜਪਾ ਨੇ ਜੀਵਨ ਗੁਪਤਾ ਨੂੰ ਬਣਾਇਆ ਉਮੀਦਵਾਰ
ਭਾਰਤੀ ਜਨਤਾ ਪਾਰਟੀ (BJP) ਨੇ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਲਈ ਹੋਣ ਵਾਲੇ ਜ਼ਿਮਨੀ ਚੋਣ ਵਿੱਚ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਉਨ੍ਹਾਂ ਦੇ ਨਾਮ 'ਤੇ ਮੋਹਰ ਲਾਈ ਹੈ। ਜੀਵਨ ਗੁਪਤਾ ਦੋ ਵਾਰ ਭਾਜਪਾ ਦੇ ਪ੍ਰਦੇਸ਼ ਮਹਾ ਸਕੱਤਰ ਰਹਿ ਚੁੱਕੇ ਹਨ। ਉਹ ਕਾਰ ਐਕਸੈਸਰੀਜ਼ ਅਤੇ ਕਾਰ ਕਾਰੋਬਾਰ ਨਾਲ ਜੁੜੇ ਹੋਏ ਡੀਲਰ ਹਨ। ਉਨ੍ਹਾਂ ਦਾ ਪਿਛੋਕੜ ਆਰਐਸਐਸ ਨਾਲ ਜੁੜਿਆ ਹੋਇਆ ਹੈ ਅਤੇ ਉਹਨੂੰ ਰਾਜਨੀਤੀ ਵਿੱਚ ਲਗਭਗ 35 ਸਾਲ ਹੋ ਚੁੱਕੇ ਹਨ।





















