Ludhiana News: ਲੁਧਿਆਣਾ 'ਚ ਲੈਂਟਰ ਡਿੱਗਣ ਮਗਰੋਂ ਸਕੂਲੀ ਇਮਾਰਤਾਂ 'ਤੇ ਉੱਠੇ ਸਵਾਲ, ਐਮੀਨੈਂਸ ਸਕੂਲ ਦੀ ਇਹ ਹਾਲ ਤਾਂ...
Ludhiana News: ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਟਾਫ ਰੂਮ ਦਾ ਲੈਂਟਰ ਡਿੱਗਣ ਨੇ ਸਿੱਖਿਆ ਮਹਿਕਮੇ ਵਿੱਚ ਹਲਚਲ ਮਚਾ ਦਿੱਤੀ ਹੈ। ਅਹਿਮ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਐਮੀਨੈਂਸ ਸਕੂਲ..
Ludhiana News: ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਟਾਫ ਰੂਮ ਦਾ ਲੈਂਟਰ ਡਿੱਗਣ ਨੇ ਸਿੱਖਿਆ ਮਹਿਕਮੇ ਵਿੱਚ ਹਲਚਲ ਮਚਾ ਦਿੱਤੀ ਹੈ। ਅਹਿਮ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਐਮੀਨੈਂਸ ਸਕੂਲ ਬਣਾਇਆ ਗਿਆ ਹੈ। ਇਸ ਕਰਕੇ ਇੱਥੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਦੂਜੇ ਪਾਸੇ ਪੰਜਾਬ ਦੇ ਅਨੇਕਾਂ ਸਕੂਲਾਂ ਦੀਆਂ ਇਮਾਰਤਾਂ ਕੰਡਮ ਹਾਲਤ ਵਿੱਚ ਹਨ।
ਹੁਣ ਪੰਜਾਬ ਸਰਕਾਰ ਉਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਸਰਕਾਰੀ ਸਕੂਲਾਂ ਦੀਆਂ ਅਣ-ਸੁਰੱਖਿਅਤ ਇਮਾਰਤਾਂ ਨੂੰ ਦੁਬਾਰਾ ਬਣਾਉਣ ਤੇ ਹੋਰਾਂ ਦੀ ਚੈਕਿੰਗ ਕਰਵਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਪ੍ਰਵੀਨ ਕੁਮਾਰ ਨੇ ਕਿਹਾ ਕਿ ਜਿਹੜੀਆਂ ਇਮਾਰਤਾਂ ਅਣ-ਸੁਰੱਖਿਅਤ ਤੇ ਖਸਤਾ ਹਾਲਤ ਵਿੱਚ ਹਨ, ਉਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇ। ਇਸ ਤੋਂ ਇਲਾਵਾ ਪੀਡਬਲਿਊਡੀ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਚੈਕਿੰਗ ਕੀਤੀ ਜਾਵੇ।
ਦੱਸ ਦਈਏ ਕਿ ਪਿੰਡ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੂਜੀ ਮੰਜ਼ਿਲ ਦੇ ਕਮਰੇ ਦਾ ਲੈਂਟਰ ਡਿੱਗਣ ਕਾਰਨ ਹੇਠਲੀ ਮੰਜ਼ਿਲ ’ਤੇ ਬਣੇ ਸਟਾਫ ਰੂਮ ਦਾ ਲੈਂਟਰ ਵੀ ਟੁੱਟ ਗਿਆ। ਇਸ ਕਾਰਨ ਖਾਣਾ ਖਾ ਰਹੀਆਂ ਚਾਰ ਅਧਿਆਪਕਾਂ ਮਲਬੇ ਹੇਠ ਦੱਬ ਗਈਆਂ। ਇਸ ਦੌਰਾਨ ਇੱਕ ਅਧਿਆਪਕਾ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਈਆਂ। ਮ੍ਰਿਤਕਾ ਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ, ਜੋ ਕੁਝ ਸਮਾਂ ਪਹਿਲਾਂ ਹੀ ਪਿੰਡ ਨੂਰਪੁਰ ਬੇਟ ਤੋਂ ਬਦਲ ਕੇ ਇੱਥੇ ਆਏ ਸਨ। ਜ਼ਖ਼ਮੀਆਂ ਵਿੱਚ ਅੰਗਰੇਜ਼ੀ ਅਧਿਆਪਕਾ ਨਰਿੰਦਰਜੀਤ ਕੌਰ, ਗਣਿਤ ਅਧਿਆਪਕਾ ਇੰਦੂ ਰਾਣੀ, ਪ੍ਰੀ-ਪ੍ਰਾਇਮਰੀ ਅਧਿਆਪਕਾ ਸੁਰਜੀਤ ਕੌਰ ਦੇ ਨਾਂ ਸ਼ਾਮਲ ਹਨ।
ਹਾਸਲ ਜਾਣਕਾਰੀ ਅਨੁਸਾਰ ਸਕੂਲ ਨੂੰ ਸਰਕਾਰ ਵੱਲੋਂ ਐਮੀਨੈਂਸ ਸਕੂਲ ਬਣਾਇਆ ਗਿਆ ਹੈ, ਜਿਸ ਕਰਕੇ ਇੱਥੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਇਹ ਇਮਾਰਤ ਕਰੀਬ 40-50 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਸਕੂਲ ਦੀ ਉਪਰਲੀ ਮੰਜ਼ਿਲ ’ਤੇ ਕਮਰੇ ਦੀ ਉਸਾਰੀ ਚੱਲ ਰਹੀ ਸੀ, ਜਿਸ ਦੌਰਾਨ ਕਮਰੇ ਦਾ ਲੈਂਟਰ ਡਿੱਗ ਗਿਆ। ਜਦੋਂ ਮਲਬੇ ਦਾ ਭਾਰ ਹੇਠਲੇ ਕਮਰੇ ਦੀ ਛੱਤ ’ਤੇ ਪਿਆ ਤਾਂ ਉਹ ਵੀ ਢਹਿ-ਢੇਰੀ ਹੋ ਗਿਆ।
ਹਾਦਸੇ ਦੌਰਾਨ ਹੇਠਲੇ ਕਮਰੇ ’ਚ ਦੁਪਹਿਰ ਦਾ ਖਾਣਾ ਖਾ ਰਹੀਆਂ ਚਾਰ ਅਧਿਆਪਕਾਵਾਂ ਮਲਬੇ ਹੇਠ ਦੱਬ ਗਈਆਂ। ਪ੍ਰਤੱਖਦਰਸ਼ੀਆਂ ਤੇ ਸਟਾਫ ਦੀ ਮਦਦ ਨਾਲ ਦੋ ਅਧਿਆਪਕਾਵਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਦਕਿ ਦੋ ਅਧਿਆਪਕਾਵਾਂ ਕਾਫ਼ੀ ਸਮੇਂ ਤੱਕ ਮਲਬੇ ਹੇਠ ਦਬੀਆਂ ਰਹੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲ ਦੀ ਮੁਰੰਮਤ ਦਾ ਕੰਮ ਕਰ ਰਹੇ ਠੇਕੇਦਾਰ ਖ਼ਿਲਾਫ਼ ਐਫਆਈਆਰ ਦਰਜ ਕਰਨ ਅਤੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।