Ludhiana News: ਮਾਲਵਾ ਦੇ ਲੋਕਾਂ ਲਈ ਖੁਸ਼ਖਬਰੀ! ਹੁਣ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਸ਼ੁਰੂ ਹੋਣਗੀਆਂ ਉਡਾਣਾਂ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਇਸ ਸਾਲ ਦੇ ਅੰਤ ਤੱਕ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਨਾਲ ਮਾਲਵਾ ਖੇਤਰ ਨੂੰ ਵੱਡਾ ਫਾਇਦਾ ਹੋਏਗਾ।
Ludhiana News: ਲੁਧਿਆਣਾ ਤੇ ਨਾਲ ਲੱਗਦੇ ਜ਼ਿਲ੍ਹਿਆਂ ਲਈ ਖੁਸ਼ਖਬੀ ਹੈ। ਕੌਮਾਂਤਰੀ ਹਵਾਈ ਅੱਡਾ ਹਲਵਾਰਾ ਇਸ ਸਾਲ ਦੇ ਅੰਤ ਤੱਕ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਨਾਲ ਮਾਲਵਾ ਖੇਤਰ ਨੂੰ ਵੱਡਾ ਫਾਇਦਾ ਹੋਏਗਾ। ਇਸ ਵੇਲੇ ਮਾਲਵਾ ਖੇਤਰ ਦੇ ਲੋਕਾਂ ਨੂੰ ਹਵਾਈ ਸਫਰ ਲਈ ਅੰਮ੍ਰਿਤਸਰ, ਚੰਡੀਗੜ੍ਹ ਜਾਂ ਫਿਰ ਦਿੱਲੀ ਜਾਣਾ ਪੈਂਦਾ ਹੈ।
ਹਾਸਲ ਜਾਣਕਾਰੀ ਮੁਤਾਬਕ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਕਾਰਨ ਇਸ ਸਾਲ ਦੇ ਅੰਤ ਤੱਕ ਹਵਾਈ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਜਾਗੀ ਹੈ। ਟਰਮੀਨਲ ਦੇ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ ਦੇਣ ਵਿੱਚ ਜੁਟੀ ਕੰਪਨੀ ਦੇ ਅਧਿਕਾਰੀਆਂ ਨੇ ਆਸ ਪ੍ਰਗਟਾਈ ਹੈ ਕਿ ਸਰਕਾਰ ਵੱਲੋਂ ਤੈਅ ਕੀਤੀ ਸਮਾਂ ਸੀਮਾ ਦੇ ਅੰਦਰ ਹੀ ਟਰਮੀਨਲ ਦੇ ਨਿਰਮਾਣ ਦਾ ਕੰਮ 31 ਜੁਲਾਈ ਤੱਕ ਪੂਰਾ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਹਵਾਈ ਅੱਡੇ ਦੀ ਇਮਾਰਤ ਦੀ ਚਾਰਦੀਵਾਰੀ ਤੇ ਛੱਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਮਾਰਤ ਵਿਚਲੇ ਫ਼ਰਸ਼ ਤੇ ਡਾਊਨ ਸੀਲਿੰਗ ਦਾ ਕੰਮ ਨਬਿੇੜਨ ਲਈ ਕਾਰੀਗਰ ਦਿਨ-ਰਾਤ ਜੁਟੇ ਹਨ, ਰੰਗ-ਰੋਗਨ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ। ਹਿਮਾਚਲ ਪ੍ਰਦੇਸ਼ ਦੀ ਨਿਰਮਾਣ ਕੰਪਨੀ ਸਿਨਰਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਾਇਕ ਇੰਜਨੀਅਰ ਚਰਨਜੀਤ ਸਿੰਘ ਅਨੁਸਾਰ ਸਰਕਾਰ ਵੱਲੋਂ ਤੈਅ ਸਮਾਂ ਸੀਮਾ ਦੇ ਅੰਦਰ-ਅੰਦਰ ਸਾਰੇ ਕਾਰਜ ਮੁਕੰਮਲ ਹੋ ਜਾਣਗੇ।
ਕੰਪਨੀ ਦੇ ਪ੍ਰਾਜੈਕਟ ਮੈਨੇਜਰ ਰਾਜਿੰਦਰ ਕੁਮਾਰ ਅਨੁਸਾਰ ਹਵਾਈ ਅੱਡੇ ਦੀਆਂ ਅੰਦਰੂਨੀ ਸੜਕਾਂ ਉਪਰ ਅੰਤਿਮ ਠੋਸ ਪਰਤ ਵੀ ਪਾ ਦਿੱਤੀ ਗਈ ਹੈ, ਸੜਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2018 ਵਿੱਚ ਕੇਂਦਰ ਸਰਕਾਰ ਨੇ ਹਵਾਈ ਅੱਡਾ ਬਣਾਉਣ ਲਈ ਹਰੀ ਝੰਡੀ ਦਿੱਤੀ ਸੀ। 162 ਏਕੜ ਜ਼ਮੀਨ ਗ੍ਰਹਿਣ ਕਰਨ ਤੋਂ ਲੈ ਕੇ ਟਰਮੀਨਲ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਲਈ ਸਾਰਾ ਭਾਰ ਸੂਬਾ ਸਰਕਾਰ ਨੇ ਚੁੱਕਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।