(Source: ECI/ABP News/ABP Majha)
Ludhiana: ਪੋਤੇ ਦੀ ਆਵਾਜ਼ 'ਚ ਗੱਲ ਕਰਕੇ ਬਜ਼ੁਰਗ ਤੋਂ ਠੱਗੇ 7 ਲੱਖ, 9 ਮਹੀਨਿਆਂ ਬਾਅਦ ਹੋਇਆ ਖ਼ੁਲਾਸਾ
ਲੁਧਿਆਣਾ ਵਿੱਚ ਇੱਕ ਸਾਇਬਰ ਠੱਗੀ ਦੇ ਮਾਮਲੇ ਵਿੱਚ ਖ਼ੁਲਾਸਾ ਕਰਦੇ ਹੋਏ ਪੁਲਿਸ ਨੇ ਤਿੰਨ ਆਰੋਪਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਦੋਸ਼ੀਆਂ ਨੇ ਮਈ 2022 ਵਿੱਚ ਬਜ਼ੁਰਗ ਨਾਲ ਗੱਲ ਕਰਕੇ 7 ਲੱਖ ਰੁਪਏ ਠੱਗ ਲਏ ਸੀ।
Cyber Crime: ਲੁਧਿਆਣਾ ਵਿੱਚ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਤੋਂ ਸਾਈਬਰ ਠੱਗਾਂ ਨੇ 7 ਲੱਖ ਦੀ ਠੱਗੀ ਮਾਰ ਲਈ। ਪੀੜਤ ਹਰਨੇਕ ਸਿੰਘ ਨੇ ਪੁਲਿਸ ਨੂੰ ਅਰੋਪੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
ਇੰਝ ਬਣਾਇਆ ਠੱਗੀ ਦਾ ਸ਼ਿਕਾਰ
ਸ਼ਿਕਾਇਤ ਵਿੱਚ ਹਰਨੇਕ ਸਿੰਘ ਦੱਸਿਆ ਕਿ ਉਸ ਦਾ ਪੋਤਾ ਪੁਨੀਤ ਕੈਨੇਡਾ ਵਿੱਚ ਰਹਿੰਦਾ ਹੈ। ਮਈ 2022 ਵਿੱਚ ਉਸ ਦੇ ਮੋਬਾਇਲ ਉੱਤੇ ਇੱਕ ਫੋਨ ਆਇਆ ਜਿਸ ਵਿੱਚ ਉਸ ਨੇ ਕਿਹਾ ਕਿ ਉਹ ਉਸ ਦਾ ਪੋਤਾ ਪਨੀਤ ਬੋਲ ਰਿਹਾ ਹੈ, ਕੈਨੇਡਾ ਵਿੱਚ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਹੈ।
7 ਲੱਖ ਰੁਪਏ ਦੀ ਮਾਰ ਠੱਗੀ
ਜਿਸ ਤੋਂ ਬਾਅਦ ਫੋਨ 'ਤੇ ਗੱਲ ਕਰਨ ਵਾਲੇ ਵਿਅਕਤੀ ਨੇ ਫੋਨ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਤਾਂ ਉਸ ਨੇ ਦੱਸਿਆ ਕਿ ਉਹ ਪੁਨੀਤ ਦੇ ਵਕੀਲ ਵਜੋਂ ਗੱਲ ਕਰ ਰਿਹਾ ਹੈ। ਇਸ ਕੇਸ ਲਈ ਉਸ ਨੂੰ 2 ਲੱਖ ਰੁਪਏ ਦੀ ਫੀਸ ਭੇਜਣੀ ਪਵੇਗੀ। ਹਰਨੇਕ ਸਿੰਘ ਨੇ ਦੱਸਿਆ ਕਿ ਆਪਣੇ ਪੋਤਰੇ ਪੁਨੀਤ ਨੂੰ ਮੁਸੀਬਤ ਵਿੱਚ ਦੇਖ ਕੇ ਉਸ ਨੇ ਬਿਨਾਂ ਕੁਝ ਸੋਚੇ ਤੁਰੰਤ ਦੋ ਲੱਖ ਰੁਪਏ ਭੇਜ ਦਿੱਤੇ। ਫਿਰ ਪੁਨੀਤ ਦੇ ਵਕੀਲ ਨੂੰ ਦੱਸਣ ਵਾਲੇ ਨੇ ਦੁਬਾਰਾ ਫੋਨ ਕੀਤਾ ਅਤੇ ਕਿਹਾ ਕਿ ਜਿਸ ਵਿਅਕਤੀ ਨਾਲ ਪੁਨੀਤ ਦੀ ਲੜਾਈ ਹੋਈ ਸੀ, ਉਸ ਦੀ ਮੌਤ ਹੋ ਗਈ ਹੈ। ਹੁਣ ਇਸ ਮਾਮਲੇ ਨੂੰ ਸੁਲਝਾਉਣਾ ਹੈ। ਜਿਸ ਲਈ ਉਸ ਨੂੰ ਹੋਰ ਪੰਜ ਲੱਖ ਰੁਪਏ ਦੀ ਲੋੜ ਹੈ। ਇਹ ਸੁਣ ਕੇ ਹਰਨੇਕ ਸਿੰਘ ਨੇ ਮੁੜ ਉਸ ਵਿਅਕਤੀ ਦੇ ਖਾਤੇ ਵਿੱਚ 5 ਲੱਖ ਰੁਪਏ ਪਾ ਦਿੱਤੇ।
9 ਮਹੀਨਿਆਂ ਬਾਅਦ 3 ਖਿਲਾਫ ਕਾਰਵਾਈ
ਸ਼ਿਕਾਇਤਕਰਤਾ ਹਰਨੇਕ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸ ਨੇ ਪੋਤਰੇ ਪੁਨੀਤ ਨੂੰ ਫੋਨ ਕਰਕੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ। ਤਾਂ ਪੁਨੀਤ ਨੇ ਦੱਸਿਆ ਕਿ ਉਸ ਦਾ ਕੋਈ ਝਗੜਾ ਨਹੀਂ ਹੋਇਆ ਅਤੇ ਉਸ ਨੇ ਉਸ ਨੂੰ ਕਿਸੇ ਹੋਰ ਨੰਬਰ ਤੋਂ ਫੋਨ ਵੀ ਨਹੀਂ ਕੀਤਾ। ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਮਈ 2022 ਦੀ ਸ਼ਿਕਾਇਤ 'ਤੇ ਜਾਂਚ 'ਚ ਜੁਟੀ ਪੁਲਿਸ ਨੇ ਹੁਣ 9 ਮਹੀਨਿਆਂ ਬਾਅਦ ਧੋਖਾਧੜੀ ਕਰਨ ਵਾਲੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਲਈ ਹੁਸ਼ਿਆਰਪੁਰ ਨਿਵਾਸੀ ਪ੍ਰਿਆ, ਨਿਤਿਨ ਕੁਮਾਰ ਅਤੇ ਗਿਆਸਪੁਰਾ ਨਿਵਾਸੀ ਰਾਜ ਨਰਾਇਣ ਨੂੰ ਦੋਸ਼ੀ ਠਹਿਰਾਇਆ ਗਿਆ ਹੈ