Bus Accident: ਕਾਲ ਬਣ ਲੋਕਾਂ ਦੀ ਚੜ੍ਹੀ ਬੇਕਾਬੂ ਬੱਸ, 7 ਲੋਕ ਦਰੜੇ, 1 ਦੀ ਮੌਤ, ਮਾਂ-ਧੀ ਸਮੇਤ ਕਈ ਜ਼ਖਮੀ
ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੁਪਹਿਰ ਬੱਸ ਅੱਡੇ ਨੇੜੇ ਇੱਕ ਬੇਕਾਬੂ ਬੱਸ ਨੇ ਭੀੜ ਵਿੱਚ ਦਾਖਲ ਹੋ ਕੇ ਕਈ ਲੋਕਾਂ ਨੂੰ ਕੁਚਲ ਦਿੱਤਾ। ਤੇਜ਼ ਰਫ਼ਤਾਰ ਬੱਸ ਨੇ ਸਭ ਤੋਂ ਪਹਿਲਾਂ ਇੱਕ ਈ-ਰਿਕਸ਼ਾ ਅਤੇ ਮੋਟਰਸਾਈਕਲ...

ਲੁਧਿਆਣਾ ’ਚ ਵੀਰਵਾਰ ਯਾਨੀਕਿ 11 ਦਸੰਬਰ ਦੀ ਦੁਪਹਿਰ ਬੱਸ ਅੱਡੇ ਨੇੜੇ ਇੱਕ ਬੇਕਾਬੂ ਬੱਸ ਨੇ ਭੀੜ ਵਿੱਚ ਦਾਖਲ ਹੋ ਕੇ ਕਈ ਲੋਕਾਂ ਨੂੰ ਕੁਚਲ ਦਿੱਤਾ। ਤੇਜ਼ ਰਫ਼ਤਾਰ ਬੱਸ ਨੇ ਸਭ ਤੋਂ ਪਹਿਲਾਂ ਇੱਕ ਈ-ਰਿਕਸ਼ਾ ਅਤੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ। ਇਸ ਨਾਲ ਬਾਈਕ ਸਵਾਰ ਅਤੇ ਈ-ਰਿਕਸ਼ਾ ਕੋਲ ਖੜ੍ਹੇ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ।
ਕਈ ਜ਼ਖਮੀ ਅਤੇ ਇੱਕ ਦੀ ਮੌਤ
ਹਾਦਸੇ ’ਚ 7 ਲੋਕ ਜ਼ਖਮੀ ਹੋਏ। ਇਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਕ ਮਾਂ-ਧੀ ਗੰਭੀਰ ਰੂਪ ਵਿੱਚ ਜ਼ਖਮੀ ਹਨ ਅਤੇ ਇੱਕ ਔਰਤ ਦੀ ਟੰਗ ਟੁੱਟ ਗਈ। ਇੱਕ ਨੌਜਵਾਨ ਦੇ ਹੱਥ ਤੇ ਪੈਰ ’ਚ ਵੀ ਗੰਭੀਰ ਸੱਟਾਂ ਆਈਆਂ ਹਨ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮੌਕੇ ਤੋਂ ਫਰਾਰ ਹੋਇਆ ਡਰਾਈਵਰ
ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਬੱਸ ਦੇ ਬ੍ਰੇਕ ਫੇਲ ਹੋਣ ਦੀ ਸੰਭਾਵਨਾ ਸਾਹਮਣੇ ਆਈ ਹੈ। ਹਾਲਾਂਕਿ ਡਰਾਈਵਰ ਨੂੰ ਕਾਬੂ ਕਰਨ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਸਹੀ ਕਾਰਨ ਪਤਾ ਲੱਗੇਗਾ।
ਮੌਕੇ ’ਤੇ ਮੌਜੂਦ ਟ੍ਰੈਫਿਕ ਪੁਲਿਸ ਕਰਮਚਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਸ ਨੰਗਲ ਵੱਲੋਂ ਆ ਰਹੀ ਸੀ। ਜਦੋਂ ਬੱਸ ਬੱਸ ਅੱਡੇ ਕੋਲ ਪਹੁੰਚੀ ਤਾਂ ਸਭ ਤੋਂ ਪਹਿਲਾਂ ਇਸ ਨੇ ਇੱਕ ਬਾਈਕ ਨੂੰ ਟੱਕਰ ਮਾਰੀ। ਇਸ ਟੱਕਰ ਨਾਲ ਬਾਈਕ ਸਵਾਰ ਦੂਰ ਜਾ ਡਿੱਗਿਆ ਅਤੇ ਬਾਈਕ ਵੀ ਟੁੱਟ ਗਈ। ਅੱਗੇ ਚੱਲ ਕੇ ਬੱਸ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ, ਜਿਸ ਨਾਲ ਈ-ਰਿਕਸ਼ਾ ਦੇ ਕੋਲ ਖੜ੍ਹੇ ਲੋਕ ਹੇਠਾਂ ਆ ਗਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ।
ਫੁੱਟਪਾਥ ’ਤੇ ਚੜ੍ਹ ਕੇ ਰੁਕੀ ਬੱਸ, ਡਰਾਈਵਰ ਭੱਜ ਗਿਆ
ਪੁਲਿਸ ਕਰਮਚਾਰੀ ਨੇ ਦੱਸਿਆ ਕਿ ਟੱਕਰਾਂ ਤੋਂ ਬਾਅਦ ਬੱਸ ਫੁੱਟਪਾਥ ’ਤੇ ਚੜ੍ਹ ਕੇ ਜਾ ਰੁਕੀ। ਜਿਵੇਂ ਹੀ ਬੱਸ ਰੁਕੀ, ਇਸ ਦਾ ਡਰਾਈਵਰ ਜਸਵੰਤ ਸਿੰਘ ਮੌਕੇ ਤੋਂ ਭੱਜ ਗਿਆ। ਲੋਕਾਂ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਥ ਨਹੀਂ ਆਇਆ। ਬੱਸ ਵਿੱਚ ਸਵਾਰੀਆਂ ਵੀ ਮੌਜੂਦ ਸਨ, ਜਿਨ੍ਹਾਂ ਨੇ ਦੱਸਿਆ ਕਿ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਹੋਇਆ ਹੈ।
ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਟ੍ਰੈਫਿਕ ਪੁਲਿਸ ਕਰਮਚਾਰੀ ਨੇ ਕਿਹਾ- “ਟੱਕਰ ਲੱਗਣ ਸਮੇਂ ਮੈਂ ਬਿਲਕੁਲ ਸਾਹਮਣੇ ਹੀ ਖੜ੍ਹਾ ਸੀ। ਮੈਂ ਤੁਰੰਤ ਦੌੜ ਕੇ ਮੌਕੇ ’ਤੇ ਪਹੁੰਚਿਆ।” ਇੱਕ ਲੜਕੀ ਦੀ ਟੰਗ ’ਤੇ ਗੰਭੀਰ ਸੱਟਾਂ ਲੱਗੀ, ਜਦੋਂ ਕਿ ਹੋਰ ਕੁਝ ਲੋਕਾਂ ਦੇ ਸਿਰ ਅਤੇ ਹੱਥਾਂ ’ਤੇ ਵੀ ਸੱਟਾਂ ਆਈਆਂ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।






















