Ludhiana News: ਲੁਧਿਆਣਾ ਨਗਰ ਨਿਗਮ ਦੀ ਨਵੀਂ ਵਾਰਡਬੰਦੀ 'ਤੇ ਹੰਗਾਮਾ ਜਾਰੀ, ਹੁਣ ਦੂਰਬੀਨ ਲੈ ਕੇ ਨਕਸ਼ਾ ਦੇਖਣ ਪਹੁੰਚੇ ਅਕਾਲੀ
ਨਵੀਂ ਵਾਰਡਬੰਦੀ ਨੂੰ ਲੈ ਕੇ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਤੇ ਅਕਾਲੀ ਆਗੂਆਂ ਨੇ ਬੁੱਧਵਾਰ ਨੂੰ ਨਗਰ ਨਿਗਮ ਦਾ ਦਫ਼ਤਰ ਘੇਰਿਆ। ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ, ਵਕੀਲ ਹਰੀਸ਼ ਰਾਏ ਢਾਂਡਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ...
Ludhiana News: ਨਗਰ ਨਿਗਮ ਲੁਧਿਆਣਾ ਵਿੱਚ ਕੀਤੀ ਗਈ ਨਵੀਂ ਵਾਰਡਬੰਦੀ ਤੋਂ ਬਾਅਦ ਸ਼ਹਿਰ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਨਵੀਂ ਵਾਰਡਬੰਦੀ ਨੂੰ ਲੈ ਕੇ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਤੇ ਅਕਾਲੀ ਆਗੂਆਂ ਨੇ ਬੁੱਧਵਾਰ ਨੂੰ ਨਗਰ ਨਿਗਮ ਦਾ ਦਫ਼ਤਰ ਘੇਰਿਆ। ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ, ਵਕੀਲ ਹਰੀਸ਼ ਰਾਏ ਢਾਂਡਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੀ ਅਗਵਾਈ ’ਚ ਅਕਾਲੀ ਦਲ ਦਾ ਜਥਾ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਮਿਲਿਆ।
ਅਕਾਲੀ ਆਗੂ ਪਹਿਲਾ ਦੂਰਬੀਨ ਲੈ ਕੇ ਨਕਸ਼ਾ ਦੇਖਣ ਲਈ ਪੁੱਜੇ। ਇੱਥੇ ਉਨ੍ਹਾਂ ਨੇ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਕਿਹਾ ਕਿ ਉਹ ਵੀ ਦੂਰਬੀਨ ਦੇ ਨਾਲ ਜੇਕਰ ਕਿਸੇ ਵਾਰਡ ਦਾ ਇਲਾਕਾ ਪੜ੍ਹ ਕੇ ਦੱਸ ਦੇਣ ਤਾਂ ਅਕਾਲੀ ਦਲ ਆਪਣਾ ਵਿਰੋਧ ਕਰਨਾ ਬੰਦ ਕਰ ਦੇਵੇਗਾ। ਇੱਥੇ ਅਕਾਲੀ ਦਲ ਨੇ 18 ਪੰਨਿਆਂ ਦਾ ਇਤਰਾਜ਼ ਦਰਜ ਕਰਵਾਇਆ। ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਕਿਸੇ ਵਾਰਡ ’ਚ ਕਿਸੇ ਤਰ੍ਹਾਂ ਦੀ ਜਨਗਣਨਾ ਨਹੀਂ ਹੋਈ। ‘ਆਪ’ ਵਿਧਾਇਕਾਂ ਨੇ ਵਾਰਡਬੰਦੀ ਦਾ ਨਕਸ਼ਾ ਸਰਕਟ ਹਾਊਸ ’ਚ ਮੀਟਿੰਗ ਕਰਕੇ ਤਿਆਰ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਨਕਸ਼ੇ ਨੂੰ ਤਿਆਰ ਕਰਨ ਲਈ ‘ਆਪ’ ਦੇ ਵਿਧਾਇਕ ਖੁਦ ਆਪਣੇ ਇਲਾਕਿਆਂ ਨੂੰ ਜੋੜਨ ਤੋੜਨ ’ਚ ਲੱਗੇ ਰਹੇ। ਢਾਂਡਾ ਨੇ ਕਿਹਾ ਕਿ ਨਿਗਮ ਕਮਿਸ਼ਨਰ ਇਸ ਵਾਰਡਬੰਦੀ ਨੂੰ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਹਨ ਪਰ ਉਨ੍ਹਾਂ ਨੂੰ ਵੀ ਇਸ ਵਾਰਡਬੰਦੀ ਦੇ ਇਲਾਕਿਆਂ ਬਾਰੇ ਕੁਝ ਨਹੀਂ ਪਤਾ। ਢਾਂਡਾ ਨੇ ਦੋਸ਼ ਲਾਇਆ ਕਿ ਨਿਗਮ ਦੇ ਅਧਿਕਾਰੀਆਂ ਨੇ ਵਿਧਾਇਕਾਂ ਦੇ ਦਬਾਅ ’ਚ ਆ ਕੇ ਕੰਮ ਕੀਤਾ।
ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਅਕਾਲੀ ਦਲ ਦੇ ਆਗੂ ਨੂੰ ਭਰੋਸਾ ਦਿੱਤਾ ਕਿ 100 ਤੋਂ ਜ਼ਿਆਦਾ ਇਤਰਾਜ਼ ਉਨ੍ਹਾਂ ਕੋਲ ਆ ਚੁੱਕੇ ਹਨ, ਜਿਸ ’ਤੇ ਵਿਚਾਰ ਕੀਤਾ ਜਾਵੇਗਾ। ਮੈਪ ਨੂੰ ਡਿਜੀਟਲ ਨਹੀਂ ਕਰਵਾਇਆ ਜਾ ਸਕਦਾ ਪਰ ਦੂਸਰੀ ਮੰਜ਼ਲ ਤੋਂ ਕੁਝ ਥੱਲੇ ਜ਼ਰੂਰ ਲਵਾ ਦੇਣਗੇ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਮੈਪ ਨਜ਼ਰ ਆਵੇ।
ਉਧਰ, ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਦੀ ਅਗਵਾਈ ’ਚ ਵੀ ਇੱਕ ਵਫ਼ਦ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਮਿਲਿਆ ਜਿਸ ’ਤੇ ਉਨ੍ਹਾਂ ਨੇ ਵਾਰਡਬੰਦੀ ਨੂੰ ਲੈ ਕੇ ਇਤਰਾਜ਼ ਦਾਇਰ ਕੀਤਾ ਤੇ ਕਿਹਾ ਕਿ ਵਾਰਡਬੰਦੀ ਗਲਤ ਤਰੀਕੇ ਨਾਲ ਹੋਈ ਹੈ। ਵਾਰਡਬੰਦੀ ਨੂੰ ਸਹੀ ਕਰਵਾਇਆ ਜਾਵੇ ਤਾਂ ਕਿ ਚੋਣਾਂ ਸਹੀ ਤਰੀਕੇ ਨਾਲ ਹੋਣ ਤੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।