ਪੰਜਾਬ 'ਚ ਸਾਬਕਾ IG ਨਾਲ ਠੱਗੀ; 20 ਬੈਂਕ ਖਾਤੇ ਫ੍ਰੀਜ਼, WhatsApp ਗਰੁੱਪ ‘F 777 ਵੈਲਥ ਇਕਵਿਟੀ ਰਿਸਰਚ’ ਵੀ ਰਡਾਰ ‘ਤੇ
ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਣ ਦੇ ਮਾਮਲੇ ਵਿੱਚ ਸਾਇਬਰ ਕਰਾਈਮ ਸੈੱਲ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਸਾਬਕਾ IG ਵੱਲੋਂ ਮੁਹੱਈਆ ਕਰਵਾਈਆਂ ਗਈਆਂ ਜਾਣਕਾਰੀਆਂ ਦੇ ਆਧਾਰ ‘ਤੇ ਇਸ ਪੂਰੀ ਠੱਗੀ...

ਪਟਿਆਲਾ ਵਿੱਚ ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਣ ਦੇ ਮਾਮਲੇ ਵਿੱਚ ਸਾਇਬਰ ਕਰਾਈਮ ਸੈੱਲ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਸਾਬਕਾ IG ਵੱਲੋਂ ਮੁਹੱਈਆ ਕਰਵਾਈਆਂ ਗਈਆਂ ਜਾਣਕਾਰੀਆਂ ਦੇ ਆਧਾਰ ‘ਤੇ ਇਸ ਪੂਰੀ ਠੱਗੀ ਨਾਲ ਜੁੜੇ 20 ਤੋਂ ਵੱਧ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ।
ਇਨ੍ਹਾਂ ਬੈਂਕ ਖਾਤਿਆਂ ਰਾਹੀਂ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਾਬਕਾ IG ਨੇ ਆਪਣੇ ਨੋਟ ਵਿੱਚ ਦੋ ਮੁੱਖ ਸਾਇਬਰ ਠੱਗਾਂ—ਰਜਤ ਵਰਮਾ ਅਤੇ ਮੀਨਾ ਭੱਟ—ਦੇ ਨਾਮ ਦਰਜ ਕੀਤੇ ਸਨ।
ਸਾਬਕਾ IG ਵੱਲੋਂ ਇਨ੍ਹਾਂ ਠੱਗਾਂ ਨਾਲ ਕੀਤੀ ਗਈ ਚੈਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰਜਤ ਵਰਮਾ ਨੇ ਆਪਣੇ ਆਪ ਨੂੰ DBS ਬੈਂਕ ਦਾ CEO ਦੱਸਿਆ ਸੀ, ਜਦਕਿ ਮੀਨਾ ਭੱਟ ਨੇ ਆਪਣੇ ਆਪ ਨੂੰ ਰਜਤ ਵਰਮਾ ਦੀ ਅਸਿਸਟੈਂਟ ਵਜੋਂ ਪੇਸ਼ ਕੀਤਾ ਸੀ।
ਪੁਲਿਸ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਠੱਗਾਂ ਨੇ ਸਾਬਕਾ IG ਨੂੰ ਜੋ ਆਪਣੀ ਪਹਿਚਾਣ ਦੱਸੀ ਸੀ, ਉਹ ਸਹੀ ਸੀ ਜਾਂ ਨਹੀਂ। ਇਸ ਦੇ ਨਾਲ ਹੀ, ਜਿਸ WhatsApp ਗਰੁੱਪ ‘F 777 ਵੈਲਥ ਇਕਵਿਟੀ ਰਿਸਰਚ’ ਨਾਲ ਸਾਬਕਾ IG ਜੁੜੇ ਹੋਏ ਸਨ, ਉਸ ਗਰੁੱਪ ਵਿੱਚ ਆਪਣੇ ਆਪ ਨੂੰ ਨਿਵੇਸ਼ਕ ਦੱਸ ਕੇ ਸ਼ਾਮਲ ਹੋਏ ਕਈ ਲੋਕ ਅਸਲ ਵਿੱਚ ਇਸ ਪੂਰੇ ਠੱਗੀ ਦੇ ਰੈਕੇਟ ਦਾ ਹਿੱਸਾ ਸਨ। ਸਾਬਕਾ IG ਨੇ ਇਸ ਸਬੰਧੀ ਆਪਣੇ ਨੋਟ ਵਿੱਚ ਵੀ ਅਜਿਹੀ ਆਸ਼ੰਕਾ ਜਤਾਈ ਸੀ।
ਵਾਟਸਐਪ ਗਰੁੱਪ ਵਿੱਚ ਸ਼ਾਮਲ ਲੋਕਾਂ ਨੂੰ ਵੱਡੇ ਮੁਨਾਫੇ ਦਾ ਲਾਲਚ ਦਿੱਤਾ ਗਿਆ
ਸਾਬਕਾ IG ਨੇ ਲਿਖਿਆ ਸੀ ਕਿ ਜਦੋਂ ਵੀ ਕੋਈ DBS ਸਿਸਟਮ ਨੂੰ ਲੈ ਕੇ ਸ਼ੱਕ ਜਤਾਉਂਦਾ ਜਾਂ ਸਵਾਲ ਪੁੱਛਦਾ ਸੀ, ਤਾਂ ਜਾਲਸਾਜ਼ਾਂ ਵੱਲੋਂ ਜਵਾਬ ਦੇਣ ਤੋਂ ਪਹਿਲਾਂ ਹੀ ਗਰੁੱਪ ਦੇ ਕਈ ਨਿਵੇਸ਼ਕ ਅੱਗੇ ਆ ਕੇ ਟ੍ਰੇਡਿੰਗ ਪ੍ਰੋਗਰਾਮ ਦੇ ਹੱਕ ਵਿੱਚ ਬੋਲਣ ਲੱਗ ਪੈਂਦੇ ਅਤੇ ਇਸਨੂੰ 100 ਫ਼ੀਸਦੀ ਕਾਨੂੰਨੀ ਦੱਸਣ ਲੱਗਦੇ ਸਨ। ਸਾਬਕਾ IG ਵੱਲੋਂ ਦਿੱਤੀ ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਵੱਲੋਂ ਉਸ ਵਾਟਸਐਪ ਗਰੁੱਪ ਨਾਲ ਜੁੜੇ ਸਾਰੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਸ ਵਾਟਸਐਪ ਗਰੁੱਪ ਵਿੱਚ ਸ਼ਾਮਲ ਲੋਕਾਂ ਨੂੰ ਵੱਧ ਮੁਨਾਫੇ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਦਾ ਨਿਵੇਸ਼ ਕਰਵਾ ਲਿਆ ਜਾਂਦਾ ਸੀ, ਪਰ ਬਾਅਦ ਵਿੱਚ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਸਨ। ਸਾਬਕਾ IG ਅਮਰ ਸਿੰਘ ਚਾਹਲ ਵੀ ਕਰੀਬ 8.10 ਕਰੋੜ ਰੁਪਏ ਦੀ ਸਾਇਬਰ ਠੱਗੀ ਦਾ ਸ਼ਿਕਾਰ ਹੋਏ, ਜਿਸ ਵਿੱਚੋਂ 7.5 ਕਰੋੜ ਰੁਪਏ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਲਏ ਹੋਏ ਸਨ। ਚਾਹਲ ਨੇ ਆਪਣੇ ਨੋਟ ਵਿੱਚ ਖੁਦ ਮੰਨਿਆ ਹੈ ਕਿ ਉਹ ਲਾਲਚ ਵਿੱਚ ਫਸ ਗਏ ਅਤੇ ਹੁਣ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇ।
ਚਾਹਲ ਦੀ ਐਮਰਜੈਂਸੀ ਸਰਜਰੀ ਸਫਲ
ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੀ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੀਤੀ ਗਈ ਐਮਰਜੈਂਸੀ ਕਾਰਡੀਓ-ਥੋਰੈਸਿਕ ਸਰਜਰੀ ਸਫਲ ਰਹੀ। ਚਾਹਲ ਦੇ ਸੀਨੇ ਦੇ ਖੱਬੇ ਪਾਸੇ ਗੋਲੀ ਲੱਗੀ ਸੀ, ਜੋ ਪਿੱਠ ਵੱਲੋਂ ਬਾਹਰ ਨਿਕਲ ਗਈ, ਜਿਸ ਕਾਰਨ ਲਗਭਗ 1.5 ਲੀਟਰ ਖੂਨ ਵਹਿ ਗਿਆ ਸੀ। ਡਾ. ਸਿੱਧਾਰਥ ਗਰਗ ਦੀ ਅਗਵਾਈ ਹੇਠ ਮਲਟੀ-ਡਿਸਿਪਲਿਨਰੀ ਟੀਮ ਨੇ 3 ਤੋਂ 4 ਘੰਟਿਆਂ ਦੀ ਜਟਿਲ ਸਰਜਰੀ ਦੌਰਾਨ ਫਟੇ ਫੇਫੜੇ ਦੀ ਮੁਰੰਮਤ ਕੀਤੀ ਅਤੇ ਟੁੱਟੀਆਂ ਪਸਲੀਆਂ ਠੀਕ ਕੀਤੀਆਂ।
ਸਰਜਰੀ ਤੋਂ ਬਾਅਦ ਚਹਿਲ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਸ ਵੇਲੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਸਮੇਂ ਸਿਰ ਫਰਸਟ ਏਡ ਅਤੇ ਐਮਰਜੈਂਸੀ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਜਾਨ ਬਚ ਸਕੀ। ਫਿਲਹਾਲ ਚਾਹਲ ਨਰਮ ਭੋਜਨ ਲੈ ਰਹੇ ਹਨ ਅਤੇ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਰੀਬ ਇੱਕ ਹਫ਼ਤਾ ਲੱਗ ਸਕਦਾ ਹੈ।






















