ਪਟਿਆਲਾ ਜ਼ਿਲ੍ਹੇ 'ਚ ਹੜ੍ਹਾਂ ਦਾ ਕਹਿਰ! ਘੱਗਰ, ਟਾਂਗਰੀ ਤੇ ਸਰਹਿੰਦ ਚੋਅ ਸਣੇ ਨਦੀਆਂ-ਨਾਲਿਆਂ ’ਚ 50 ਥਾਂਵਾਂ ’ਤੇ ਪਾੜ
ਇਸ ਦੌਰਾਨ ਇਹ ਸਾਹਮਣੇ ਆਉਣ ’ਤੇ ਕਿ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ, ਟਾਂਗਰੀ ਤੇ ਸਰਹਿੰਦ ਚੋਅ ਸਮੇਤ ਹੋਰ ਨਦੀਆਂ ਨਾਲਿਆਂ ’ਚ 50 ਥਾਂਵਾਂ ’ਤੇ ਪਾੜ ਪਏ ਹਨ ਜਿਸ ’ਤੇ ਉਨ੍ਹਾਂ ਨੇ ਡਰੇਨੇਜ ਵਿਭਾਗ ਨੂੰ ਇਹ ਪਾੜ ਫੌਰੀ ਤੌਰ ’ਤੇ ਪੂਰਨ ਦੀ ਤਕੀਦ ਕੀਤੀ।
Patiala News: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹਾਂ ਕਰਕੇ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਐਤਵਾਰ ਨੂੰ ਐਮਰਜੈਂਸੀ ਬੈਠਕ ਕੀਤੀ। ਇਸ ਦੌਰਾਨ ਇਹ ਸਾਹਮਣੇ ਆਉਣ ’ਤੇ ਕਿ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ, ਟਾਂਗਰੀ ਤੇ ਸਰਹਿੰਦ ਚੋਅ ਸਮੇਤ ਹੋਰ ਨਦੀਆਂ ਨਾਲਿਆਂ ’ਚ 50 ਥਾਂਵਾਂ ’ਤੇ ਪਾੜ ਪਏ ਹਨ ਜਿਸ ’ਤੇ ਉਨ੍ਹਾਂ ਨੇ ਡਰੇਨੇਜ ਵਿਭਾਗ ਨੂੰ ਇਹ ਪਾੜ ਫੌਰੀ ਤੌਰ ’ਤੇ ਪੂਰਨ ਦੀ ਤਕੀਦ ਕੀਤੀ।
ਉਨ੍ਹਾਂ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਟੀ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹੜ੍ਹ ਕਰਕੇ ਨੁਕਸਾਨੀਆਂ ਸੜਕਾਂ ਤੇ ਪੁਲਾਂ ਦੀ ਤੁਰੰਤ ਮੁਰੰਮਤ ਕਰਨ ਸਮੇਤ ਸਾਰੀਆਂ ਸੜਕਾਂ ਦੇ ਸਾਰੇ ਪੁਲਾਂ ਦੇ ਬੁਨਿਆਦੀ ਢਾਂਚੇ ਦਾ ਨਿਰੀਖਣ ਕਰਕੇ ਇਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਕਿ ਭਾਰੀ ਮੀਂਹ ਦੇ ਪਾਣੀ ਕਰਕੇ ਕਮਜ਼ੋਰ ਹੋ ਚੁੱਕੇ ਢਾਂਚੇ ਨੂੰ ਪੈਣ ਵਾਲੇ ਮੀਂਹ ਕਰਕੇ ਕੋਈ ਹੋਰ ਨੁਕਸਾਨ ਨਾ ਪੁੱਜੇ।
ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਸਾਕਸ਼ੀ ਸਾਹਨੀ ਨੇ ਸਿਹਤ ਵਿਭਾਗ ਵੱਲੋਂ ਮਿਲੀ ਸੂਚਨਾ ਦੇ ਆਧਾਰ ‘ਤੇ ਲੋਕਾਂ ਲਈ ਸਾਫ਼-ਸੁਥਰਾ ਤੇ ਪੀਣਯੋਗ ਕੀਟਾਣੂ ਰਹਿਤ ਸੁਰੱਖਿਅਤ ਪਾਣੀ ਹੀ ਸਪਲਾਈ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ, ਗ਼ੈਰ ਸਰਕਾਰੀ ਤੇ ਹੋਰ ਸਹਾਇਤਾ ਸਮੂਹਾਂ ਵੱਲੋਂ ਚਲਾਏ ਜਾ ਰਹੇ ਜਲ ਸਪਲਾਈ ਟੈਂਕਰਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਨਿਰਧਾਰਤ ਕੀਤੇ ਗਏ ਨਿਯਮਾਂ (ਐਸਓਪੀ) ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ 44 ਵੈਟਰਨਰੀ ਟੀਮਾਂ ਰਾਹੀਂ ਪਸ਼ੂ ਪਾਲਕਾਂ ਦੇ ਪਸ਼ੂਆਂ ਤੇ ਗਊਸ਼ਾਲਾਵਾਂ ਦੇ ਗਊ ਧਨ ਨੂੰ ਵੈਟਰਨਰੀ ਸਿਹਤ ਸੇਵਾਵਾਂ, ਵੈਕਸੀਨੇਸ਼ਨ ਅਤੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਜਾਰੀ ਕੀਤੇ ਗਏ ਫੰਡਾਂ ਵਿੱਚੋਂ ਦਵਾਈਆਂ ਤੇ ਹੋਰ ਸਾਜੋ ਸਮਾਨ ਦੀ ਖ਼ਰੀਦ ਕਰਕੇ ਵੈਟਰਨਰੀ ਟੀਮਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਟੀਮਾਂ ਵੱਲੋਂ ਲੋੜਵੰਦ ਪਸ਼ੂ ਪਾਲਕਾਂ ਤੱਕ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।