ਵਜ਼ਨ ਘਟਾਓ ਤੇ ਲੱਖਾਂ ਦਾ ਬੋਨਸ ਜਿੱਤੋ, ਕਰਮਚਾਰੀਆਂ ਲਈ ਕੰਪਨੀ ਦਾ ਅਨੋਖਾ ਚੈਲੇਂਜ, ਮੁਲਾਜ਼ਮਾਂ ‘ਚ ਹਲਚਲ ਤੇਜ਼
ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਸੀਂ ਮੋਟੇ ਹੋ ਅਤੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉਹ ਕੰਪਨੀ ਤੁਹਾਨੂੰ ਪਤਲੇ ਕਰਨ ਦੇ ਲਈ ਤੁਹਾਨੂੰ ਹੱਲਾਸ਼ੇਰੀ ਦੇਣ ਦੇ ਲਈ ਵਜ਼ਨ ਘਟਾਉਣ ਲਈ ਪੈਸੇ ਦੇਏਗੀ? ਜੀ ਹਾਂ ਅੱਜ ਤੁਹਾਨੂੰ ਦੱਸਾਂਗੇ ਅਜਿਹੀ ਕੰਪਨੀ..

ਚੀਨ ਦੀ ਮਸ਼ਹੂਰ ਟੈਕ ਕੰਪਨੀ ਅਰਾਸ਼ੀ ਵਿਜ਼ਨ ਇੰਕ, ਜਿਸਨੂੰ ਇੰਸਟਾ360 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ ਆਪਣੇ ਕਰਮਚਾਰੀਆਂ ਨੂੰ ਵਜ਼ਨ ਘਟਾਉਣ ਲਈ ਉਤਸ਼ਾਹਿਤ ਕਰਨ ਦਾ ਇਕ ਅਨੋਖਾ ਤਰੀਕਾ ਅਪਣਾਇਆ ਹੈ। ਕੰਪਨੀ ਨੇ 12 ਅਗਸਤ ਨੂੰ ਆਪਣੇ ਸਾਲਾਨਾ ‘ਮਿਲੀਅਨ ਯੂਆਨ ਵੈਟ ਲਾਸ ਚੈਲੇਂਜ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਕਰਮਚਾਰੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਇਸ ਚੈਲੇਂਜ ਵਿੱਚ ਹਿੱਸਾ ਲੈਣ ਦਾ ਨਿਯਮ ਬਹੁਤ ਸੌਖਾ ਹੈ। ਕੋਈ ਵੀ ਕਰਮਚਾਰੀ ਰਜਿਸਟਰ ਕਰ ਸਕਦਾ ਹੈ ਅਤੇ ਹਰ 0.5 ਕਿਲੋ ਵਜ਼ਨ ਘਟਾਉਣ ‘ਤੇ 500 ਯੂਆਨ (ਲਗਭਗ 6100 ਰੁਪਏ) ਦਾ ਬੋਨਸ ਮਿਲਦਾ ਹੈ।
ਇਸ ਸਾਲ, ਜੈਨ-ਜ਼ੀ ਕਰਮਚਾਰੀ ਸ਼ੀ ਯਾਕੀ ਨੇ 90 ਦਿਨਾਂ ਵਿੱਚ 20 ਕਿਲੋ ਤੋਂ ਵੱਧ ਵਜ਼ਨ ਘਟਾ ਕੇ ਵੈਟ ਲਾਸ ਚੈਂਪੀਅਨ ਦਾ ਖ਼ਿਤਾਬ ਜਿੱਤਿਆ। ਉਸਨੂੰ 20,000 ਯੂਆਨ (ਲਗਭਗ 2.47 ਲੱਖ ਰੁਪਏ) ਦਾ ਨਕਦ ਇਨਾਮ ਮਿਲਿਆ। ਸ਼ੀ ਨੇ ਆਪਣੀ ਕਾਮਯਾਬੀ ਦਾ ਸਿਹਰਾ ਅਨੁਸ਼ਾਸਨ, ਕੰਟਰੋਲ ਕੀਤੀ ਖੁਰਾਕ ਅਤੇ ਰੋਜ਼ਾਨਾ 1.5 ਘੰਟੇ ਦੀ ਕਸਰਤ ਨੂੰ ਦਿੱਤਾ। ਉਸਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਹੈ, ਜਦੋਂ ਮੈਂ ਆਪਣੇ ਆਪ ਦਾ ਸਭ ਤੋਂ ਚੰਗਾ ਰੂਪ ਬਣ ਸਕਦੀ ਹਾਂ। ਇਹ ਸਿਰਫ਼ ਸੁੰਦਰਤਾ ਦੀ ਗੱਲ ਨਹੀਂ, ਸਿਹਤ ਦੀ ਗੱਲ ਹੈ।”
ਸ਼ੀ ਨੇ ਆਪਣੇ ਸਹਿਕਰਮੀਆਂ ਨੂੰ ਪ੍ਰੇਰਿਤ ਕਰਨ ਲਈ ਗਰੁੱਪ ਚੈਟ ਵਿੱਚ ‘ਕਿਨ ਹਾਓ ਵੈਟ ਲਾਸ ਮੈਥਡ’ ਵੀ ਸਾਂਝੀ ਕੀਤੀ। ਇਹ ਇੱਕ ਵਿਵਾਦਿਤ ਡਾਇਟ ਪਲਾਨ ਹੈ, ਜਿਸਦੀ ਮਦਦ ਨਾਲ ਚੀਨੀ ਅਦਾਕਾਰ ਕਿਨ ਹਾਓ ਨੇ 15 ਦਿਨਾਂ ਵਿੱਚ 10 ਕਿਲੋ ਵਜ਼ਨ ਘਟਾਇਆ ਸੀ। ਇਸ ਪਲਾਨ ਵਿੱਚ ਇਕ ਦਿਨ ਸਿਰਫ਼ ਸੋਇਆ ਮਿਲਕ ਪੀਣ ਅਤੇ ਦੂਜੇ ਦਿਨ ਸਿਰਫ਼ ਮੱਕੀ ਜਾਂ ਫਲ ਖਾਣੇ ਵਰਗੇ ਸਖ਼ਤ ਨਿਯਮ ਸ਼ਾਮਲ ਹਨ।
ਹੁਣ ਤੱਕ 7 ਵਾਰ ਹੋ ਚੁੱਕਾ ਹੈ ਇਹ ਚੈਲੇਂਜ
ਸਾਲ 2022 ਤੋਂ ਅੱਜ ਤੱਕ ਕੰਪਨੀ ਇਹ ਚੈਲੇਂਜ ਸੱਤ ਵਾਰ ਕਰਵਾ ਚੁੱਕੀ ਹੈ ਅਤੇ ਲਗਭਗ 20 ਲੱਖ ਯੂਆਨ (ਤਕਰੀਬਨ 2.47 ਕਰੋੜ ਰੁਪਏ) ਦੇ ਇਨਾਮ ਵੰਡ ਚੁੱਕੀ ਹੈ। ਪਿਛਲੇ ਇੱਕ ਸਾਲ ਵਿੱਚ 99 ਕਰਮਚਾਰੀਆਂ ਨੇ ਮਿਲ ਕੇ 950 ਕਿਲੋ ਵਜ਼ਨ ਘਟਾਇਆ ਅਤੇ ਇਕ ਮਿਲੀਅਨ ਯੂਆਨ ਦਾ ਬੋਨਸ ਆਪਸ ਵਿੱਚ ਵੰਡਿਆ। ਕੰਪਨੀ ਦੇ ਇੱਕ ਪ੍ਰਤੀਨਿਧ ਨੇ ਕਿਹਾ, “ਇਸ ਚੈਲੇਂਜ ਰਾਹੀਂ ਅਸੀਂ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਕਰਮਚਾਰੀਆਂ ਨੂੰ ਕੰਮ ਤੋਂ ਇਲਾਵਾ ਆਪਣੀ ਸਿਹਤ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ। ਇਹ ਉਨ੍ਹਾਂ ਲਈ ਇੱਕ ਸਕਾਰਾਤਮਕ ਪ੍ਰੋਤਸਾਹਨ ਹੈ, ਤਾਂ ਜੋ ਉਹ ਜ਼ਿੰਦਗੀ ਅਤੇ ਕੰਮ ਵਿੱਚ ਨਵੀਂ ਊਰਜਾ ਨਾਲ ਜੁਟ ਸਕਣ।”
Check out below Health Tools-
Calculate Your Body Mass Index ( BMI )






















