ਆਹ ਚਾਰ ਲੱਛਣ ਨਜ਼ਰ ਆਉਣ 'ਤੇ ਹੋ ਸਕਦਾ ਡਾਇਬਟੀਜ਼ ਦਾ ਖਤਰਾ, ਵਕਤ ਰਹਿੰਦੇ ਸੰਭਲ ਜਾਓ ਨਹੀਂ ਤਾਂ...
ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਦੁਨੀਆ ਭਰ ਵਿੱਚ 53 ਕਰੋੜ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। 2050 ਤੱਕ ਇਹ ਗਿਣਤੀ ਵਧ ਕੇ 80 ਕਰੋੜ ਹੋ ਸਕਦੀ ਹੈ।
World Diabetes Day 2024 : ਸ਼ੂਗਰ ਦੀ ਬਿਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਹਰ ਉਮਰ ਦੇ ਲੋਕ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਹਾਈ ਬਲੱਡ ਸ਼ੂਗਰ ਕਰਕੇ ਸਰੀਰ ਨੂੰ ਕਈ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਖਾਂ, ਗੁਰਦੇ, ਦਿਲ ਅਤੇ ਇੱਥੋਂ ਤੱਕ ਕਿ ਨਸਾਂ ਨੂੰ ਵੀ ਖਤਰਾ ਹੈ। ਇਸ ਲਈ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ੂਗਰ ਤੋਂ ਬਚਣ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇਸੇ ਲਈ ਵਿਸ਼ਵ ਸ਼ੂਗਰ ਦਿਵਸ (World Diabetes Day) ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਸ਼ੂਗਰ ਤੋਂ ਬਚਣ ਲਈ ਕਿਹੜੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ...
ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
1. ਪਰਿਵਾਰ ਵਿੱਚ ਕਿਸੇ ਨੂੰ ਸ਼ੂਗਰ ਤਾਂ ਨਹੀਂ?
ਜੇਕਰ ਪਰਿਵਾਰ ਵਿੱਚ ਕਿਸੇ ਨੂੰ ਸ਼ੂਗਰ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਫੈਮਿਲੀ ਹਿਸਟਰੀ ਨੂੰ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਮਾਤਾ-ਪਿਤਾ ਜਾਂ ਭੈਣ-ਭਰਾ ਵਿੱਚੋਂ ਕਿਸੇ ਨੂੰ ਟਾਈਪ-2 ਸ਼ੂਗਰ ਹੈ, ਤਾਂ ਤੁਹਾਨੂੰ ਵੀ ਆਹ ਬਿਮਾਰੀ ਹੋਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਲਓ ਅਤੇ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਸੁਧਾਰਨ 'ਤੇ ਧਿਆਨ ਦਿਓ।
2. ਤੁਹਾਡਾ ਭਾਰ ਤਾਂ ਨਹੀਂ ਵੱਧ ਰਿਹਾ?
ਜ਼ਿਆਦਾ ਭਾਰ ਮੋਟਾਪੇ ਦਾ ਖ਼ਤਰਾ ਵਧਾਉਂਦਾ ਹੈ, ਜੋ ਕਿ ਸ਼ੂਗਰ ਦਾ ਕਾਰਨ ਹੈ। ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਪੇਟ 'ਤੇ ਜਮ੍ਹਾਂ ਹੋਈ ਚਰਬੀ ਸ਼ੂਗਰ ਦੇ ਜੋਖਮ ਨੂੰ ਕਈ ਗੁਣਾ ਵਧਾ ਸਕਦੀ ਹੈ। ਮਿਠਾਈਆਂ ਖਾਣ ਵਾਲਿਆਂ ਨੂੰ ਚਰਬੀ ਵਧਣ ਦਾ ਖ਼ਤਰਾ ਹੁੰਦਾ ਹੈ। ਮੋਟਾਪਾ ਵੀ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਹੈ। ਅਜਿਹੇ 'ਚ ਜੇਕਰ ਤੁਹਾਡਾ ਭਾਰ ਵੱਧ ਰਿਹਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
3. ਕੀ ਤੁਸੀਂ ਦਿਨ ਭਰ ਨਹੀਂ ਕਰਦੇ ਸਰੀਰਕ ਗਤੀਵਿਧੀਆਂ?
ਮਾਹਿਰਾਂ ਦੇ ਅਨੁਸਾਰ, ਤੁਸੀਂ ਜਿੰਨਾ ਘੱਟ ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹੋਗੇ, ਸ਼ੂਗਰ ਦਾ ਖ਼ਤਰਾ ਓਨਾ ਹੀ ਵੱਧ ਜਾਵੇਗਾ। ਜੇਕਰ ਤੁਸੀਂ ਪੂਰਾ ਦਿਨ ਇਕ ਥਾਂ 'ਤੇ ਬੈਠ ਕੇ ਬਿਤਾ ਰਹੇ ਹੋ ਅਤੇ ਕਸਰਤ, ਯੋਗਾ ਜਾਂ ਖੇਡਾਂ ਨਹੀਂ ਖੇਡ ਰਹੇ ਹੋ, ਤਾਂ ਤੁਹਾਨੂੰ ਸ਼ੂਗਰ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਆਪਣੀ ਰੁਟੀਨ ਨੂੰ ਸਹੀ ਬਣਾਓ, ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰਕੇ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਕਿਰਿਆਸ਼ੀਲ ਬਣਾਓ। ਇਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਮਿਲਦੀ ਹੈ।
4. ਗਰਭ ਅਵਸਥਾ ਦੌਰਾਨ ਰਹੋ ਸੁਚੇਤ
ਗਰਭ ਅਵਸਥਾ ਦੌਰਾਨ ਸ਼ੂਗਰ ਦਾ ਪਤਾ ਲੱਗਣ 'ਤੇ ਜੋਖਮ ਵੱਧ ਜਾਂਦਾ ਹੈ। ਇਸ ਲਈ ਸਿਹਤ ਮਾਹਿਰ ਗਰਭ ਅਵਸਥਾ ਦੌਰਾਨ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦੀ ਸਲਾਹ ਦਿੰਦੇ ਹਨ। ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਮਾਂ ਅਤੇ ਬੱਚੇ ਦੋਵਾਂ ਲਈ ਖਤਰਨਾਕ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਡਾਕਟਰ ਦੀ ਸਲਾਹ ਲਓ ਅਤੇ ਚੰਗੀ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਨੂੰ ਬਣਾਈ ਰੱਖੋ।
Disclaimer: ਖਬਰਾਂ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )