ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮੌਕੇ 'ਤੇ ਹੀ ਕੱਟੇ ਜਾਣਗੇ ਚਲਾਨ, ਦੇਣਾ ਪਏਗਾ ਭਾਰੀ ਜ਼ੁਰਮਾਨਾ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਨੁਸਾਰ ਦਿਹਾਤੀ ਕਮੇਟੀ ਦੇ ਨਾਲ ਸੈਟੇਲਾਈਟ ਵੀ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਿਹਾ ਹੈ। ਸੈਟੇਲਾਈਟ ਤੋਂ ਪਤਾ ਚੱਲ ਜਾਏਗਾ ਕਿ ਕਿੱਥੇ ਪਰਾਲੀ ਸਾੜੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇਗੀ ਤੇ ਮੌਕੇ 'ਤੇ ਜਾ ਕੇ ਕਿਸਾਨ ਨੂੰ ਜ਼ੁਰਮਾਨਾ ਤੇ ਕਾਰਵਾਈ ਕੀਤੀ ਜਾਵੇਗੀ।
ਜਲੰਧਰ: ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਕਰਨ ਤੇ ਉਸ ਨੂੰ ਨਾ ਸਾੜਨ ਲਈ ਜਾਗਰੂਕ ਕਰਨ ਲਈ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ 6 ਅਲਟਰਾ-ਮਾਡਰਨ ਵੈਨਾਂ ਨੂੰ ਹਰੀ ਝੰਡੀ ਦਿਖਾਈ। ਇਹ ਵੈਨਾਂ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨਗੀਆਂ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਤੇ ਜੇ ਕੋਈ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ 'ਤੇ ਕਾਰਵਾਈ ਹੋਏਗੀ ਤੇ ਜ਼ੁਰਮਾਨਾ ਵੀ ਠੋਕਿਆ ਜਾਵੇਗਾ।
ਦੂਜੇ ਪਾਸੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਨੁਸਾਰ ਦਿਹਾਤੀ ਕਮੇਟੀ ਦੇ ਨਾਲ ਸੈਟੇਲਾਈਟ ਵੀ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਿਹਾ ਹੈ। ਸੈਟੇਲਾਈਟ ਤੋਂ ਪਤਾ ਚੱਲ ਜਾਏਗਾ ਕਿ ਕਿੱਥੇ ਪਰਾਲੀ ਸਾੜੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇਗੀ ਤੇ ਮੌਕੇ 'ਤੇ ਜਾ ਕੇ ਕਿਸਾਨ ਨੂੰ ਜ਼ੁਰਮਾਨਾ ਤੇ ਕਾਰਵਾਈ ਕੀਤੀ ਜਾਵੇਗੀ।
ਵੈਨ ਰਾਹੀਂ ਆਡੀਓ-ਵੀਡੀਓ ਪ੍ਰਣਾਲੀ ਰਾਹੀਂ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਤੋਂ ਇਲਾਵਾ ਪਰਚੇ ਤੇ ਪੋਸਟਰ ਵੰਡ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਡੀਸੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਨਾ ਸਾੜ ਕੇ ਕਿਸਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉਨ੍ਹਾਂ ਨੂੰ ਸੱਚੀ ਭੇਟ ਦੇ ਸਕਦੇ ਹਨ, ਜੋ ਖ਼ੁਦ ਕੁਦਰਤ ਦੇ ਮਹਾਨ ਪ੍ਰੇਮੀ ਸਨ।