ਸੀਐਮ ਮਾਨ ਨਾਲ ਕਿਸਾਨ ਲੀਡਰਾਂ ਦੀ ਮੀਟਿੰਗ, ਮੋਹਾਲੀ-ਚੰਡੀਗੜ੍ਹ ਬਾਰਡਰ ਸੀਲ; ਜੇ ਬੇਸਿੱਟਾ ਰਹੀ ਮੀਟਿੰਗ ਤਾਂ ਚੰਡੀਗੜ੍ਹ ਕੂਚ ਕਰਨਗੇ ਕਿਸਾਨ
ਚੰਡੀਗੜ੍ਹ- ਮੋਹਾਲੀ ਸਰਹੱਦ 'ਤੇ ਡਟੇ ਕਿਸਾਨਾਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਲਈ ਬੁਲਾ ਲਿਆ ਹੈ। ਜੇਕਰ ਗੱਲਬਾਤ ਬੇਸਿੱਟਾ ਰਹੀ ਤਾਂ ਅੰਦੋਲਨ 'ਚ ਸ਼ਾਮਲ ਕਿਸਾਨ ਅੱਜ ਚੰਡੀਗੜ੍ਹ ਵੱਲ ਕੂਚ ਕਰ ਸਕਦੇ ਹਨ।
ਚੰਡੀਗੜ੍ਹ: ਚੰਡੀਗੜ੍ਹ- ਮੋਹਾਲੀ ਸਰਹੱਦ 'ਤੇ ਡਟੇ ਕਿਸਾਨਾਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਲਈ ਬੁਲਾ ਲਿਆ ਹੈ। ਜੇਕਰ ਗੱਲਬਾਤ ਬੇਸਿੱਟਾ ਰਹੀ ਤਾਂ ਅੰਦੋਲਨ 'ਚ ਸ਼ਾਮਲ ਕਿਸਾਨ ਅੱਜ ਚੰਡੀਗੜ੍ਹ ਵੱਲ ਕੂਚ ਕਰ ਸਕਦੇ ਹਨ। ਇਸ ਲਈ ਮੁਹਾਲੀ ਵਿੱਚ ਕਿਸਾਨ ਆਗੂਆਂ ਨੇ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਈ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਵੀ ਹਰਕਤ ਵਿੱਚ ਆ ਗਈ। CM ਭਗਵੰਤ ਮਾਨ ਨੇ 12 ਵਜੇ ਕਿਸਾਨ ਆਗੂਆਂ ਦੀ ਮੀਟਿੰਗ ਬੁਲਾਈ ਹੈ। ਕਿਸਾਨਾਂ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਅੱਜ ਸਵੇਰ ਤੱਕ ਦਾ ਸਮਾਂ ਦਿੱਤਾ ਸੀ।
ਕਿਸਾਨ CM ਭਗਵੰਤ ਮਾਨ ਨੂੰ ਮਿਲਣ 'ਤੇ ਅੜੇ ਹੋਏ ਸਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਗੱਲਬਾਤ ਨਾ ਕੀਤੀ ਤਾਂ ਉਹ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਹਾਲੀ ਤੇ ਚੰਡੀਗੜ੍ਹ ਪੁਲੀਸ ਦੇ ਬੈਰੀਕੇਡ ਤੋੜ ਕੇ ਅੱਗੇ ਵਧਣਗੇ। ਕਿਸਾਨਾਂ ਨੇ ਰਾਤ ਵੀ ਮੁਹਾਲੀ ਸਰਹੱਦ ’ਤੇ ਸੜਕ ’ਤੇ ਹੀ ਕੱਟੀ ਹੈ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜੇਕਰ ਅਸੀਂ ਇੱਕ ਬੈਰੀਕੇਡ ਤੋੜ ਸਕਦੇ ਹਾਂ ਤਾਂ ਬਾਕੀ ਵੀ ਤੋੜ ਸਕਦੇ ਹਾਂ।
ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇਕੱਠੇ ਝੋਨਾ ਨਾ ਬੀਜਣ ਲਈ ਕਿਹਾ ਹੈ। ਇਸ ਦੇ ਲਈ ਸੂਬੇ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਤਹਿਤ 6-6 ਜ਼ਿਲ੍ਹਿਆਂ ਵਿੱਚ 18, 20 ਅਤੇ 22 ਜੂਨ ਨੂੰ ਤੇ ਬਾਕੀ 5 ਜ਼ਿਲ੍ਹਿਆਂ ਵਿੱਚ 24 ਜੂਨ ਤੋਂ ਝੋਨਾ ਲਾਇਆ ਜਾਵੇਗਾ। ਸਰਕਾਰ ਨੇ ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਹੈ। ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ 500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਸਹਿਮਤੀ ਵੀ ਬਣੀ ਪਰ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ।
ਕਿਸਾਨ ਆਗੂ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਸਾਡੀ ਇੱਕ ਮਹੀਨਾ ਪਹਿਲਾਂ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ। ਉਨ੍ਹਾਂ 10 ਦਿਨਾਂ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਨਾ ਤਾਂ ਮੰਗਾਂ ਮੰਨੀਆਂ ਗਈਆਂ ਅਤੇ ਨਾ ਹੀ ਮਾਨ ਨੇ ਮੁੜ ਮੀਟਿੰਗ ਲਈ ਸਮਾਂ ਦਿੱਤਾ। ਇਸ ਤੋਂ ਬਾਅਦ ਅਸੀਂ 17 ਮਈ ਤੱਕ ਦਾ ਅਲਟੀਮੇਟਮ ਦਿੱਤਾ ਪਰ ਸਰਕਾਰ ਨੇ ਕੁਝ ਨਹੀਂ ਕੀਤਾ।