ਪੰਜਾਬ ਦੀ ਖੇਤੀ 'ਤੇ ਮੌਸਮ ਦੀ ਮਾਰ, ਕਣਕ ਦਾ ਝਾੜ ਘਟਣ ਨਾਲ ਕਰੀਬ 7200 ਕਰੋੜ ਦਾ ਨੁਕਸਾਨ
Punjab News: ਪੰਜਾਬ 'ਚ ਇਸ ਵਾਰ ਮਾਰਚ ਤੋਂ ਹੀ ਅੱਤ ਦੀ ਗਰਮੀ ਪੈ ਰਹੀ ਹੈ। ਜਿੱਥੇ ਇਸ ਵਰ੍ਹਦੀ ਅੱਗ ਨੇ ਲੋਕਾਂ ਦੇ ਹਾਲ ਬੇਹਾਲ ਕੀਤੇ ਹੋਏ ਹਨ, ਉੱਥੇ ਹੀ ਇਸ ਵਾਰ ਮੌਸਮ ਦੀ ਮਾਰ ਫਸਲ 'ਤੇ ਵੀ ਪਈ ਹੈ।
ਮਨਪ੍ਰੀਤ ਕੌਰ ਦੀ ਰਿਪੋਰਟ
Punjab News: ਪੰਜਾਬ 'ਚ ਇਸ ਵਾਰ ਮਾਰਚ ਤੋਂ ਹੀ ਅੱਤ ਦੀ ਗਰਮੀ ਪੈ ਰਹੀ ਹੈ। ਜਿੱਥੇ ਇਸ ਵਰ੍ਹਦੀ ਅੱਗ ਨੇ ਲੋਕਾਂ ਦੇ ਹਾਲ ਬੇਹਾਲ ਕੀਤੇ ਹੋਏ ਹਨ, ਉੱਥੇ ਹੀ ਇਸ ਵਾਰ ਮੌਸਮ ਦੀ ਮਾਰ ਫਸਲ 'ਤੇ ਵੀ ਪਈ ਹੈ। ਤਾਪਮਾਨ ਵੱਧ ਹੋਣ ਕਾਰਨ ਪਿਛਲੇ ਸਾਲ ਨਾਲੋਂ ਕਣਕ ਦੀ ਪੈਦਾਵਰ ਘੱਟ ਹੋਈ ਹੈ। ਅਗੇਤੀ ਗਰਮੀ ਕਾਰਨ ਫਸਲ ਦੇ ਦਾਣੇ ਸੁੰਗੜ ਗਏ ਜਿਸ ਕਾਰਨ ਝਾੜ ਘੱਟ ਨਿਕਲਿਆ ਹੈ।
ਇੱਕ ਰਿਪੋਰਟ ਅਨੁਸਾਰ ਜ਼ਿਆਦਾ ਗਰਮੀ ਨਾਲ ਘੱਟੋ-ਘੱਟ 5 ਕੁਇੰਟਲ ਪ੍ਰਤੀ ਏਕੜ ਝਾੜ ਘੱਟ ਨਿਕਲਿਆ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਪਿਛਲੇ ਸਾਲ 133.28 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਸਟੋਰ ਕੀਤੀ ਗਈ ਸੀ। ਸੀਜ਼ਨ ਖ਼ਤਮ ਹੋਣ ਦੇ ਨੇੜੇ ਹੈ ਤੇ ਹੁਣ ਤੱਕ ਸਿਰਫ਼ 101 ਲੱਖ ਮੀਟ੍ਰਿਕ ਟਨ ਕਣਕ ਹੀ ਸਟੋਰ ਕੀਤੀ ਗਈ ਹੈ। ਇਹ ਪਿਛਲੇ ਸਾਲ ਨਾਲੋਂ 32.28 ਲੱਖ ਮੀਟ੍ਰਿਕ ਟਨ ਘੱਟ ਹੈ।
ਇੰਨੇ ਕਰੋੜ ਦੇ ਨੁਕਸਾਨ ਦਾ ਅਨੁਮਾਨ-
ਮੰਡੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਇਸ ਸੀਜ਼ਨ ਵਿੱਚ ਮੰਡੀਆਂ ਵਿੱਚ ਕਣਕ ਦੀ ਘੱਟ ਆਮਦ ਤੇ ਖਰੀਦ ਵਿੱਚ ਗਿਰਾਵਟ ਕਾਰਨ 7200 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਘਾਟੇ ਦਾ ਅਸਰ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਮੰਡੀ ਬੋਰਡਾਂ ਤੋਂ ਲੈ ਕੇ ਟਰਾਂਸਪੋਰਟਰ ਤੱਕ ਸਾਰਿਆਂ 'ਤੇ ਹੀ ਹੋਵੇਗਾ। ਅੰਕੜਿਆਂ ਮੁਤਾਬਕ ਇੱਕ ਕੁਇੰਟਲ ਕਣਕ ਦੇ ਕਿਸਾਨ ਨੂੰ 2,015 ਰੁਪਏ, ਪੰਜਾਬ ਮੰਡੀ ਬੋਰਡ ਨੂੰ 121 ਰੁਪਏ, ਇੱਕ ਆੜ੍ਹਤੀਆ ਨੂੰ 45.83 ਰੁਪਏ, ਇੱਕ ਮਜ਼ਦੂਰ ਨੂੰ 24.58 ਰੁਪਏ ਤੇ ਇੱਕ ਟਰਾਂਸਪੋਰਟਰ ਨੂੰ 27.81 ਰੁਪਏ ਸਟੋਰੇਜ ਲਈ ਮਿਲਦੇ ਹਨ। ਇਸ ਹਿਸਾਬ ਨਾਲ ਇਹ 7200 ਕਰੋੜ ਰੁਪਏ ਬਮਦੇ ਹਨ।
ਉਂਝ, ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਬਿਜਾਈ ਹੇਠਲਾ ਰਕਬਾ ਵੀ ਘੱਟ ਰਿਹਾ ਹੈ। ਪਿਛਲੇ ਸਾਲ ਕਣਕ ਦਾ ਰਕਬਾ 35.14 ਲੱਖ ਹੈਕਟੇਅਰ ਸੀ ਜੋ ਇਸ ਸਾਲ 35.02 ਲੱਖ ਹੈਕਟੇਅਰ ਹੋ ਸੀ। 2008 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕਣਕ ਦੇ ਝਾੜ ਵਿੱਚ ਇੰਨੀ ਵੱਡੀ ਗਿਰਾਵਟ ਆਈ ਹੈ। ਰਾਜ ਦੇ ਖੇਤੀਬਾੜੀ ਵਿਭਾਗ ਵੱਲੋਂ ਹਾਲ ਹੀ ਵਿੱਚ ਫ਼ਸਲ ਦੀ ਵਾਢੀ ਦੇ ਅੰਕੜਿਆਂ ਅਨੁਸਾਰ ਕਣਕ ਦੇ ਝਾੜ ਵਿੱਚ ਔਸਤਨ ਪੰਜ ਕੁਇੰਟਲ ਪ੍ਰਤੀ ਹੈਕਟੇਅਰ ਦੀ ਕਮੀ ਆਈ ਹੈ। ਸੂਬੇ ਵਿੱਚ ਪਿਛਲੇ ਸਾਲ 48.68 ਕੁਇੰਟਲ ਪ੍ਰਤੀ ਹੈਕਟੇਅਰ ਕਣਕ ਦਾ ਉਤਪਾਦਨ ਹੋਇਆ ਸੀ। ਪਿਛਲੇ ਸਾਲ ਪੰਜਾਬ ਦੀ ਕੁੱਲ ਕਣਕ ਦੀ ਪੈਦਾਵਾਰ 171 ਲੱਖ ਟਨ ਦੇ ਕਰੀਬ ਸੀ। ਇਸ ਕਾਰਨ 132 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਜੋ ਮਿੱਥਿਆ ਗਿਆ ਸੀ, ਉਹ ਵੀ ਪਿੱਛੇ ਰਹਿ ਗਿਆ ਹੈ।