Israeli Embassy Blast Case: ਚਾਰ ਗ੍ਰਿਫਤਾਰ ਵਿਦਿਆਰਥੀਆਂ ਨੂੰ 10 ਦਿਨਾਂ ਦੀ ਪੁਲਿਸ ਰਿਮਾਂਡ 'ਤੇ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰੇ ਵਿਦਿਆਰਥੀਆਂ ਨੂੰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 10 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਨਵੀਂ ਦਿੱਲੀ ਰਾਜਧਾਨੀ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਨੇੜੇ ਜਨਵਰੀ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਲੱਦਾਖ ਤੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਦਿਆਰਥੀਆਂ ਨੂੰ ਇੱਕ ਮੈਜਿਸਟਰੇਟ ਦੀ ਅਦਾਲਤ ਨੇ 10 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਾਰਗਿਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਟ੍ਰਾਂਸਿਟ ਰਿਮਾਂਡ 'ਤੇ ਦਿੱਲੀ ਲਿਆਂਦਾ ਗਿਆ ਸੀ।
ਦਰਅਸਲ, ਇਸ ਸਾਲ 29 ਜਨਵਰੀ ਨੂੰ ਬਹੁਤ ਘੱਟ ਤੀਬਰਤਾ ਦਾ ਆਈਈਡੀ ਧਮਾਕਾ ਲੁਟੀਅੰਜ਼ ਦਿੱਲੀ ਵਿੱਚ ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਹੋਇਆ। ਹਾਲਾਂਕਿ ਇਸ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਕਾਰ ਧਮਾਕੇ ਵਿਚ ਕੁਝ ਕਾਰਾਂ ਨੂੰ ਨੁਕਸਾਨ ਪਹੁੰਚਿਆ ਸੀ, ਜੋ ਡਾ. ਏਪੀਜੇ ਅਬਦੁੱਲ ਕਲਾਮ ਰੋਡ 'ਤੇ ਇਜ਼ਰਾਈਲੀ ਦੂਤਾਵਾਸ ਤੋਂ ਲਗਪਗ 150 ਮੀਟਰ ਦੀ ਦੂਰੀ 'ਤੇ ਹੋਇਆ ਸੀ।
ਪੁਲਿਸ ਮੁਤਾਬਕ ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਦਿਆਰਥੀਆਂ ਦੀ ਪਛਾਣ ਨਜ਼ੀਰ ਹੁਸੈਨ (26), ਜੁਲਫਿਕਰ ਅਲੀ ਵਜ਼ੀਰ (25), ਅਯਾਜ਼ ਹੁਸੈਨ (28) ਅਤੇ ਮੁਜ਼ਾਮਮਿਲ ਹੁਸੈਨ (25) ਵਜੋਂ ਹੋਈ ਹੈ। ਸਾਰੇ ਵਿਦਿਆਰਥੀ ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਥਾਂਗ ਪਿੰਡ ਦੇ ਵਸਨੀਕ ਹਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ਚਾਰਾਂ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 10 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਿਦਿਆਰਥੀ ਪਿਛਲੇ ਸਾਲ ਨਵੰਬਰ ਵਿੱਚ ਦਿੱਲੀ ਆਏ ਸੀ ਅਤੇ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸੀ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਵਾਲੇ ਦਿਨ ਇਹ ਸਾਰੇ ਚਾਰੋਂ ਦਿੱਲੀ ਵਿੱਚ ਮੌਜੂਦ ਸੀ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਸਵਿੱਚ ਔਫ ਸੀ।
ਇਨਾਮ ਦਾ ਐਲਾਨ
ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਪਹਿਲਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਕੇਸ ਦੀ ਜਾਂਚ 2 ਫਰਵਰੀ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ। ਹਾਲ ਹੀ ਵਿੱਚ ਐਨਆਈਏ ਨੇ ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿੱਚ ਦੋ ਸ਼ੱਕੀ ਵਿਅਕਤੀਆਂ ਦੇ ਸੀਸੀਟੀਵੀ ਫੁਟੇਜ ਜਾਰੀ ਕੀਤੇ ਸੀ। ਸੀਸੀਟੀਵੀ ਫੁਟੇਜ ਵਿਚ ਇੱਕ ਆਦਮੀ ਆਪਣੇ ਹੱਥ ਵਿਚ ਇੱਕ ਫਾਈਲ ਅਤੇ ਇਕ ਹੋਰ ਬੈਗ ਸਮੇਤ ਬੈਠਾ ਦੇਖਿਆ ਗਿਆ। ਐਨਆਈਏ ਨੇ ਸੀਸੀਟੀਵੀ ਕੈਮਰੇ 'ਤੇ ਦਿਖਾਈ ਦੇਣ ਵਾਲੇ ਦੋ ਵਿਅਕਤੀਆਂ ਦੀ ਪਛਾਣ ਕਰਨ ਵਾਲੇ ਹਰੇਕ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: Bank Holidays: ਅੱਜ ਤੋਂ 3 ਦਿਨਾਂ ਤੱਕ ਇਨ੍ਹਾਂ ਸ਼ਹਿਰਾਂ ‘ਚ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin