Heart Attack: ਜਿੰਮ 'ਚ ਕਸਰਤ ਕਰਦੇ ਹੋਏ ਬਿਲਡਰ ਦੀ ਮੌਤ, 37 ਸਾਲ ਉਮਰ 'ਚ ਪਿਆ ਦਿਲ ਦਾ ਦੌਰਾ, 2 ਵਾਰੀ ਦਿੱਤਾ CPR ਵੀ ਰਿਹਾ ਬੇਅਸਰ
ਦੇਸ਼ ਦੇ ਵਿੱਚ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਦੇ ਅੰਕੜੇ ਸਿਹਤ ਮਾਹਿਰਾਂ ਨੂੰ ਵੀ ਚਿੰਤਾ ਦੇ ਵਿੱਚ ਪਾ ਰਹੇ ਹਨ। ਦਿਲ ਦੇ ਦੌਰੇ ਪੈਣ ਦੀ ਹੈਰਾਨ ਕਰਨ ਵਾਲੀਆਂ ਵੀਡੀਓਜ਼ ਨੇ ਲੋਕਾਂ ਦੇ ਵਿੱਚ ਖੌਫ ਪੈਦਾ ਕਰ ਦਿੱਤਾ ਹੈ।

Builder Dies While Working Out in Gym: ਦੇਸ਼ ਦੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਹਾਰਟ ਅਟੈਕ ਨਾਲ ਹੋਈ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ, ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ। ਕਿਉਂਕਿ ਜ਼ਿਆਦਾਤਰ ਘੱਟ ਉਮਰ ਵਾਲੇ ਲੋਕ ਹਾਰਟ ਐਟਕ ਦਾ ਸ਼ਿਕਾਰ ਬਣ ਰਹੇ ਹਨ। ਹੁਣ ਮਾਮਲਾ ਹਰਿਆਣਾ ਦੇ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਜਿੰਮ 'ਚ ਵਰਕਆਊਟ ਕਰਦੇ ਸਮੇਂ 37 ਸਾਲਾ ਨੌਜਵਾਨ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਨੌਜਵਾਨ ਦਾ ਵਜ਼ਨ 170 ਕਿਲੋ ਹੋ ਗਿਆ ਸੀ, ਜਿਸ ਕਰਕੇ ਉਸਨੇ 4 ਮਹੀਨੇ ਪਹਿਲਾਂ ਹੀ ਜਿੰਮ ਜੋਇਨ ਕੀਤਾ ਸੀ। ਉਹ ਕਸਰਤ ਕਰਕੇ ਆਪਣਾ ਵਜ਼ਨ ਘਟਾਉਣਾ ਚਾਹੁੰਦਾ ਸੀ।
ਕਸਰਤ ਕਰਦੇ ਹੋਏ ਉਸ ਦੇ ਡਿੱਗਣ ਦੀ ਵੀਡੀਓ ਵੀ ਸਾਹਮਣੇ ਆਇਆ ਹੈ। ਜਦੋਂ ਉਹ ਬੇਹੋਸ਼ ਹੋਇਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਸੀ.ਪੀ.ਆਰ. (CPR) ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਸ਼ ਵਿੱਚ ਨਹੀਂ ਆਇਆ। ਫਿਰ ਜਿੰਮ 'ਚ ਮੌਜੂਦ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਮ੍ਰਿਤਕ ਨੌਜਵਾਨ ਪੰਕਜ ਫਰੀਦਾਬਾਦ ਦੇ ਬਲਭਗੜ੍ਹ ਦੀ ਰਾਜਾ ਨਾਹਰ ਸਿੰਘ ਕਾਲੋਨੀ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿਤਾ ਰਾਜੇਸ਼ ਦੇ ਨਾਲ ਮਿਲ ਕੇ ਇੱਕ ਕਨਸਟਰਕਸ਼ਨ ਕੰਪਨੀ ਚਲਾਉਂਦਾ ਸੀ। ਚਾਰ ਸਾਲ ਪਹਿਲਾਂ ਹੀ ਉਸ ਦੀ ਵਿਆਹ ਪੰਜਾਬ ਦੀ ਇਕ ਕੁੜੀ ਨਾਲ ਹੋਈ ਸੀ। ਉਸਦੀ ਢਾਈ ਸਾਲ ਦੀ ਧੀ ਵੀ ਹੈ।
ਸੀਸੀਟੀਵੀ ਵਿੱਚ ਕੈਦ ਹੋਇਆ ਮੌਤ ਦਾ ਮੰਜ਼ਰ
ਪੰਕਜ ਆਪਣੇ ਦੋਸਤ ਰੋਹਿਤ ਦੇ ਨਾਲ ਲਗਭਗ ਸਵੇਰੇ 10 ਵਜੇ ਜਿੰਮ ਪਹੁੰਚਿਆ। ਆਉਂਦੇ ਹੀ ਦੋਵੇਂ ਜਿੰਮ ਦੇ ਸਿਟਿੰਗ ਏਰੀਆ ਵਿੱਚ ਲੱਗੇ ਸੋਫੇ 'ਤੇ ਬੈਠ ਗਏ। ਲਗਭਗ 12 ਤੋਂ 15 ਮਿੰਟ ਤਕ ਦੋਵੇਂ ਇਥੇ ਹੀ ਬੈਠੇ ਰਹੇ। ਇਸ ਦੌਰਾਨ ਦੋਹਾਂ ਨੇ ਆਰਾਮ ਨਾਲ ਗੱਲਾਂ ਕੀਤੀਆਂ ਅਤੇ ਕੁਝ ਪੀ ਵੀ ਰਹੇ ਸਨ।
ਗੱਲਾਂ ਮੁਕਾਉਣ ਤੋਂ ਬਾਅਦ ਦੋਵੇਂ ਜਿੰਮ ਦੇ ਅੰਦਰ ਚਲੇ ਜਾਂਦੇ ਹਨ। ਪੰਕਜ ਸਭ ਤੋਂ ਪਹਿਲਾਂ ਸਾਈਡ ਫੈਟ ਘਟਾਉਣ ਵਾਲੀ ਐਕਸਰਸਾਈਜ਼ ਕਰਦਾ ਹੈ। ਇਹ ਸੈੱਟ ਪੂਰਾ ਕਰਨ ਦੇ ਬਾਅਦ ਉਹ ਸ਼ੋਲਡਰ ਪੁਲ-ਅੱਪ ਦੀ ਐਕਸਰਸਾਈਜ਼ ਸ਼ੁਰੂ ਕਰਦਾ ਹੈ। ਇਸ ਦੌਰਾਨ ਉਸਦਾ ਦੋਸਤ ਰੋਹਿਤ ਵੀ ਉੱਥੇ ਨੇੜੇ ਹੀ ਘੁੰਮਦਾ ਰਹਿੰਦਾ ਹੈ।
ਸ਼ੋਲਡਰ ਪੁਲ-ਅੱਪ ਦੀ ਮਸ਼ੀਨ ਕੋਲ ਜਾ ਕੇ ਪੰਕਜ ਪਹਿਲਾਂ 13 ਵਾਰ ਦਾ ਇੱਕ ਸੈੱਟ ਪੂਰਾ ਕਰਦਾ ਹੈ। ਇਹ ਸੈੱਟ ਉਹ ਆਸਾਨੀ ਨਾਲ ਕਰ ਲੈਂਦਾ ਹੈ। ਫਿਰ ਉਹ ਦੂਜਾ ਸੈੱਟ ਸ਼ੁਰੂ ਕਰਦਾ ਹੈ। ਇਸ ਵਾਰੀ ਪੰਕਜ ਆਪਣੀ ਸੀਮਾ ਨੂੰ ਪਾਰ ਕਰਦਿਆਂ 13 ਦੀ ਬਜਾਏ 15 ਵਾਰ ਦਾ ਸੈੱਟ ਲਾਉਂਦਾ ਹੈ। ਇਸ ਸੈੱਟ ਦੇ ਅਖੀਰ 'ਚ ਉਹ ਥੋੜ੍ਹਾ ਥੱਕਿਆ ਹੋਇਆ ਲੱਗਦਾ ਹੈ ਅਤੇ 15ਵਾਂ ਪੁਲ-ਅੱਪ ਖਤਮ ਕਰਦੇ ਹੀ ਉਹ ਧੜੰਮ ਨਾਲ ਜ਼ਮੀਨ 'ਤੇ ਡਿੱਗ ਪੈਂਦਾ ਹੈ।
ਪੰਕਜ ਦੇ ਡਿੱਗਣ ਦੀ ਆਵਾਜ਼ ਸੁਣ ਕੇ ਜਿੰਮ ਦੇ ਹੋਰ ਲੋਕ ਦੌੜ ਕੇ ਉਸਦੇ ਕੋਲ ਪਹੁੰਚਦੇ ਹਨ। ਉਹ ਉਸਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਪੰਕਜ ਨੂੰ ਉਲਟੀ ਆ ਜਾਂਦੀ ਹੈ। ਉਸਦਾ ਦੋਸਤ ਰੋਹਿਤ ਫਿਰ ਉਸਨੂੰ ਪਾਣੀ ਪਿਲਾਉਂਦਾ ਹੈ, ਪਰ ਉਹ ਮੁੜ ਡਿੱਗ ਪੈਂਦਾ ਹੈ। ਇਸ ਤੋਂ ਬਾਅਦ ਉਸਨੂੰ ਦੋ ਵਾਰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕੋਈ ਅਸਰ ਨਹੀਂ ਹੁੰਦਾ।






















