Delhi Border Kisan Andolan: ਦਿੱਲੀ ਦੀਆਂ ਸਰਹੱਦਾਂ 'ਤੇ BSF ਤੇ CRPF ਦੇ 18 ਹਜ਼ਾਰ ਕਰਮੀ ਤਾਇਨਾਤ, ਜਾਰੀ ਹੋਇਆ ਆਹ ਫਰਮਾਨ
Delhi Border Kisan Andolan: ਪਿਛਲੀ ਵਾਰ ਤੋਂ ਸਬਕ ਲੈਂਦੇ ਹੋਏ ਇਸ ਵਾਰ ਜਵਾਨਾਂ ਨੂੰ ਅੱਥਰੂ ਗੈਸ ਦੇ ਮਾਸਕ ਦਿੱਤੇ ਗਏ ਹਨ। ਕਿਉਂਕਿ ਪਿਛਲੀ ਵਾਰ ਕਿਸਾਨਾਂ ਨੇ ਪੁਲਿਸ ਚਲਾਏ ਅੱਥਰੂ ਗੈਸ ਦੇ ਗੋਲੇ ਚੁੱਕ ਕੇ ਪੁਲਿਸ ਮੁਲਾਜ਼ਮਾਂ ਵੱਲ ਹੀ ਸੁੱਟੇ

Delhi Border Kisan Andolan: ਦਿੱਲੀ ਕਿਸਾਨ ਮਾਰਚ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਹੈ ਕਿ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਸੁਰੱਖਿਆ ਕਰਮੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ ਜਾਰੀ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੇ ਟਰੈਕਟਰ-ਟਰਾਲੀ ਨਾਲ ਦਿੱਲੀ ਵਿੱਚ ਦਾਖਲ ਹੋਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਸੁਰੱਖਿਆ ਕਰਮੀਆਂ ਨੂੰ ਹਰ ਸਥਿਤੀ ਨਾਲ ਨਜਿੱਠਣ ਲਈ ਹੁਕਮ ਜਾਰੀ ਕੀਤੇ ਗਏ ਹਨ।
ਦਿੱਲੀ 'ਚ ਸਿੰਘੂ, ਗਾਜ਼ੀਪੁਰ, ਟਿਕਰੀ ਅਤੇ ਚਿੱਲਾ ਸਰਹੱਦ 'ਤੇ ਕਰੀਬ 18 ਹਜ਼ਾਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਇਹਨਾਂ ਸਾਰੇ ਬਾਰਡਰ 'ਤੇ ਕਰੀਬ 7 ਪਰਤਾਂ ਸਖ਼ਤ ਸੁਰੱਖਿਆ ਲਗਾਈ ਗਈ ਹੈ। ਦਿੱਲੀ ਪੁਲਿਸ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ, ਸੀ.ਆਈ.ਐਸ.ਐਫ., ਬੀ.ਐਸ.ਐਫ. ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਸਾਰੀਆਂ ਫੋਰਸਾਂ ਅੱਥਰੂ ਗੈਸ ਦੇ ਗੋਲੇ, ਲਾਠੀਆਂ ਅਤੇ ਬਾਡੀ ਗਾਰਡ ਕਿੱਟਾਂ ਨਾਲ ਤਾਇਨਾਤ ਹਨ। ਸਰਹੱਦ 'ਤੇ ਅਗਲੀ ਪਰਤ 'ਚ ਮਹਿਲਾ ਸੁਰੱਖਿਆ ਬਲਾਂ ਦੀ ਗਿਣਤੀ ਜ਼ਿਆਦਾ ਹੈ। ਡਰੋਨ ਰਾਹੀਂ ਹੋਰ ਨੇੜੇ ਦੀਆਂ ਸੜਕਾਂ 'ਤੇ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਪਿਛਲੀ ਵਾਰ ਤੋਂ ਸਬਕ ਲੈਂਦੇ ਹੋਏ ਇਸ ਵਾਰ ਜਵਾਨਾਂ ਨੂੰ ਅੱਥਰੂ ਗੈਸ ਦੇ ਮਾਸਕ ਦਿੱਤੇ ਗਏ ਹਨ। ਕਿਉਂਕਿ ਪਿਛਲੀ ਵਾਰ ਕਿਸਾਨਾਂ ਨੇ ਪੁਲਿਸ ਚਲਾਏ ਅੱਥਰੂ ਗੈਸ ਦੇ ਗੋਲੇ ਚੁੱਕ ਕੇ ਪੁਲਿਸ ਮੁਲਾਜ਼ਮਾਂ ਵੱਲ ਹੀ ਸੁੱਟੇ ਸਨ। ਇਸ ਤੋਂ ਇਲਾਵਾ ਦਿੱਲੀ ਦੀਆਂ ਸਰਹੱਦਾਂ 'ਤੇ ਲਾਊਡ ਸਪੀਕਰ ਅਤੇ ਸੀਸੀਟੀਵੀ ਕੈਮਰੇ ਤਾਇਨਾਤ ਕੀਤੇ ਗਏ ਸਨ। ਪੁਲਿਸ ਨੇ ਸਰਹੱਦ ਦੇ ਆਲੇ-ਦੁਆਲੇ ਸਥਾਨਕ ਖੁਫੀਆ ਯੂਨਿਟ ਨੂੰ ਸਰਗਰਮ ਕਰ ਦਿੱਤਾ ਹੈ।
ਦਿੱਲੀ ਤੋਂ ਪਹਿਲਾਂ ਹਰਿਆਣਾ ਵਿੱਚ ਵੀ ਕਿਸਾਨਾਂ ਦੇ ਰਾਹ ਰੋਕੇ ਗਏ ਹਨ। ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਦੇ 7 ਜਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਪਟਿਆਲਾ ਅਤੇ ਸੰਗਰੂਰ ਵਿੱਚ ਵੀ ਇੰਟਰਨੈੱਟ ਬੰਦ ਹੈ।
ਕਿਸਾਨਾਂ ਦੇ ਕਾਫ਼ਲੇ ਰੋਕਣ ਲਈ ਸਰਹੱਦ 'ਤੇ ਦਿੱਲੀ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੇ ਕਰੀਬ 70 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਹਰਿਆਣਾ ਦੇ 38,000 ਜਵਾਨ, ਦਿੱਲੀ ਪੁਲਿਸ ਦੇ 22,000 ਜਦਕਿ ਪੰਜਾਬ ਪੁਲਿਸ ਦੇ ਸਿਰਫ਼ 7 ਹਜ਼ਾਰ ਜਵਾਨ ਅੰਤਰ-ਰਾਜੀ ਸਰਹੱਦ 'ਤੇ ਤਾਇਨਾਤ ਹਨ। 90 ਵੱਖ-ਵੱਖ ਰਸਤਿਆਂ 'ਤੇ ਕਰੀਬ 90 ਜਲ ਤੋਪਾਂ ਤਾਇਨਾਤ ਕੀਤੀਆਂ ਗਈਆਂ ਹਨ।
ਅੱਥਰੂ ਗੈਸ ਦੇ ਗੋਲੇ ਛੱਡਣ ਲਈ 1200 ਜਵਾਨ ਤਾਇਨਾਤ ਕੀਤੇ ਗਏ ਹਨ। ਪੁਲਿਸ ਫੋਰਸ ਦੀਆਂ 15 ਮਾਰਚ ਤੱਕ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। 52 ਪੁਲਿਸ ਕੰਟਰੋਲ ਰੂਮ ਬਣਾਏ ਗਏ ਹਨ। ਅੰਬਾਲਾ-ਅੰਮ੍ਰਿਤਸਰ ਹਾਈਵੇਅ 'ਤੇ ਪੰਜਾਬ ਦੀ ਸਰਹੱਦ 'ਤੇ ਇਕੱਠੇ ਹੋਏ ਲੋਕਾਂ ਨੂੰ ਡਰੋਨ ਤੋਂ ਅੱਥਰੂ ਗੈਸ ਦੇ ਗੋਲੇ ਛੱਡ ਕੇ ਖਦੇੜ ਦਿੱਤਾ ਗਿਆ।






















