ਧੁੰਦ ਦੀ ਚਿੱਟੀ ਚਾਦਰ 'ਚ ਢੱਕਿਆ ਦਿੱਲੀ ਹਵਾਈ ਅੱਡਾ, 200 ਤੋਂ ਵੱਧ ਉਡਾਣਾ ਹੋਈਆਂ ਲੇਟ ਅਤੇ ਕਈ ਕੈਂਸਲ
IMD Weather Forecast: ਸੰਘਣੀ ਧੁੰਦ ਕਰਕੇ ਸੜਕਾਂ 'ਤੇ ਗੱਡੀਆਂ ਦੀ ਰਫ਼ਤਾਰ ਹੌਲੀ ਹੋ ਗਈ ਹੈ ਅਤੇ ਕਈ ਰੇਲਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਆਈਐਮਡੀ ਨੇ ਦਿੱਲੀ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
IMD Weather Forecast: ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਵੇਲੇ ਸੰਘਣੀ ਧੁੰਦ ਦੀ ਲਪੇਟ ਵਿੱਚ ਹੈ। ਖਰਾਬ ਮੌਸਮ ਕਰਕੇ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ ਨਾਲ ਹੀ ਵਿਜ਼ੀਬਿਲਟੀ ਵੀ ਬਹੁਤ ਘੱਟ ਹੋ ਗਈ ਹੈ, ਜਿਸ ਕਰਕੇ ਦਿੱਲੀ ਅਤੇ ਆਸ ਪਾਸ ਦੇ ਸ਼ਹਿਰਾਂ ਵਿੱਚ ਸੜਕੀ ਆਵਾਜਾਈ ਵੀ ਹੌਲੀ ਹੋ ਗਈ ਹੈ। NDTV ਦੀ ਰਿਪੋਰਟ ਅਨੁਸਾਰ ਹੁਣ ਤੱਕ ਸੱਤ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 184 ਹੋਰ ਦੇਰੀ ਨਾਲ ਚੱਲ ਰਹੀਆਂ ਹਨ। ਉੱਥੇ ਹੀ 26 ਟ੍ਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ।
ਦਿੱਲੀ ਹਵਾਈ ਅੱਡੇ ਨੇ ਸਵੇਰੇ 7:30 ਵਜੇ ਦੇ ਕਰੀਬ ਆਪਣੇ ਆਖਰੀ ਅਪਡੇਟ ਵਿੱਚ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਬਾਰੇ ਅਪਡੇਟ ਰਹਿਣ ਦੀ ਚੇਤਾਵਨੀ ਦਿੱਤੀ ਸੀ। ਹਵਾਈ ਅੱਡੇ ਨੇ ਕਿਹਾ, "ਦਿੱਲੀ ਹਵਾਈ ਅੱਡੇ 'ਤੇ ਲੈਂਡਿੰਗ ਅਤੇ ਟੇਕਆਫ ਜਾਰੀ ਹੈ, CAT III ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਉਡਾਣ ਦੀ ਤਾਜ਼ਾ ਜਾਣਕਾਰੀ ਸਬੰਧਿਤ ਏਅਰਲਾਈਨ ਨਾਲ ਸੰਪਰਕ ਕਰਨ।"
ਇੰਡੀਗੋ ਅਤੇ ਸਪਾਈਸਜੈੱਟ ਨੇ ਜਾਰੀ ਕੀਤੀ ਚੇਤਾਵਨੀ
ਇੰਡੀਗੋ ਅਤੇ ਸਪਾਈਸਜੈੱਟ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਘੱਟ ਵਿਜ਼ੀਬਿਲਟੀ ਕਾਰਨ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦੇ ਅਨੁਸਾਰ ਬੁੱਧਵਾਰ ਸਵੇਰੇ 5:30 ਵਜੇ ਦਿੱਲੀ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਬੁੱਧਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹੇਗਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਰਹੇਗਾ।
ਸੰਘਣੀ ਧੁੰਦ ਕਰਕੇ ਵਿਜ਼ੀਬਲਿਟੀ ਜ਼ੀਰੋ
ਸੰਘਣੀ ਧੁੰਦ ਕਰਕੇ ਬੁੱਧਵਾਰ ਸਵੇਰੇ ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਫਰੀਦਾਬਾਦ ਵਿੱਚ ਵਿਜ਼ੀਬਲਿਟੀ ਜ਼ੀਰੋ ਸੀ। ਆਈਐਮਡੀ ਦੇ ਅਨੁਸਾਰ, ਦਿੱਲੀ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਾਫ਼ੀ ਜ਼ਿਆਦਾ (3 ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ) ਹੈ। ਆਈਐਮਡੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉੱਤਰ-ਪੱਛਮੀ ਭਾਰਤ ਵਿੱਚ ਦਿਨ ਵੇਲੇ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ, ਪਰ ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ ਹੌਲੀ-ਹੌਲੀ 2-3 ਡਿਗਰੀ ਸੈਲਸੀਅਸ ਵਧੇਗਾ।