ਦਿੱਲੀ ਹਿੰਸਾ: ਘਟਨਾ ਦੇ ਦੋ ਮਹੀਨੇ ਬਾਅਦ ਚਸ਼ਮਦੀਦ ਪੁਲਿਸ ਕਰਮੀ ਦਾ ਬਿਆਨ ਦਰਜ, ਸਬੂਤਾਂ ਦੀ ਘਾਟ ਕਾਰਨ 4 ਮੁਲਜ਼ਮਾਂ ਨੂੰ ਜ਼ਮਾਨਤ
ਜਸਟਿਸ ਸੁਰੇਸ਼ ਕੁਮਾਰ ਕੈਂਤ ਨੇ ਇਹ ਟਿੱਪਣੀ ਸਬੂਤਾਂ ਦੀ ਘਾਟ ਕਾਰਨ ਦਿੱਲੀ ਹਿੰਸਾ ਮਾਮਲੇ ਦੇ 4 ਮੁਲਜ਼ਮਾਂ ਨੂੰ ਜ਼ਮਾਨਤ ਦਿੰਦੇ ਹੋਏ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਕੇਸ ਦੇ 3 ਹੋਰ ਚਸ਼ਮਦੀਦ ਗਵਾਹ (ਜਿਨ੍ਹਾਂ ਦੇ ਬਿਆਨ ਵੀ ਘਟਨਾ ਦੇ ਲਗਪਗ 15 ਦਿਨਾਂ ਬਾਅਦ ਦਰਜ ਕੀਤੇ ਗਏ ਸਨ) ਨੇ ਵੀ ਪੀਸੀਆਰ ਕਾਲ ਨਹੀਂ ਕੀਤੀ।
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ ਦਿੱਲੀ ਹਿੰਸਾ ਨਾਲ ਸਬੰਧਤ ਘਟਨਾ ਦੇ ਲਗਪਗ ਦੋ ਮਹੀਨੇ ਬਾਅਦ ਦਿੱਲੀ ਪੁਲਿਸ ਵੱਲੋਂ ਚਸ਼ਮਦੀਦ ਹੋਣ ਦਾ ਦਾਅਵਾ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਬਿਆਨ ਦਰਜ ਕੀਤੇ ਜਾਣ 'ਤੇ ਹੈਰਾਨੀ ਪ੍ਰਗਟਾਈ ਹੈ। ਹਾਈਕੋਰਟ ਨੇ ਕਿਹਾ ਹੈ ਕਿ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਾਨੂੰਨ ਦੀ ਸੂਝਬੂਝ ਹੋਣ ਦੇ ਬਾਵਜੂਦ ਘਟਨਾ ਦੇ ਚਸ਼ਮਦੀਦ ਪੁਲਿਸ ਮੁਲਾਜ਼ਮ ਨੇ ਨਾ ਤਾਂ ਪੀਸੀਆਰ ਨੂੰ ਫ਼ੋਨ ਕੀਤਾ ਤੇ ਨਾ ਹੀ ਇਸ ਬਾਰੇ ਡੀਡੀ ਐਂਟਰੀ 'ਚ ਕੁਝ ਲਿਖਿਆ।
ਜਸਟਿਸ ਸੁਰੇਸ਼ ਕੁਮਾਰ ਕੈਂਤ ਨੇ ਇਹ ਟਿੱਪਣੀ ਸਬੂਤਾਂ ਦੀ ਘਾਟ ਕਾਰਨ ਦਿੱਲੀ ਹਿੰਸਾ ਮਾਮਲੇ ਦੇ 4 ਮੁਲਜ਼ਮਾਂ ਨੂੰ ਜ਼ਮਾਨਤ ਦਿੰਦੇ ਹੋਏ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਕੇਸ ਦੇ 3 ਹੋਰ ਚਸ਼ਮਦੀਦ ਗਵਾਹ (ਜਿਨ੍ਹਾਂ ਦੇ ਬਿਆਨ ਵੀ ਘਟਨਾ ਦੇ ਲਗਪਗ 15 ਦਿਨਾਂ ਬਾਅਦ ਦਰਜ ਕੀਤੇ ਗਏ ਸਨ) ਨੇ ਵੀ ਪੀਸੀਆਰ ਕਾਲ ਨਹੀਂ ਕੀਤੀ। ਹਾਈ ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਇਸ ਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਵਿਰੁੱਧ ਸਬੂਤਾਂ ਵਜੋਂ ਦਿੱਲੀ ਪੁਲਿਸ ਕੋਲ ਨਾ ਤਾਂ ਸੀਸੀਟੀਵੀ ਫੁਟੇਜ਼ ਹੈ ਤੇ ਨਾ ਹੀ ਕੋਈ ਵੀਡੀਓ ਕਲਿੱਪ ਜਾਂ ਫ਼ੋਟੋ, ਜਿਸ 'ਚ ਉਨ੍ਹਾਂ ਦਾ ਇਸ ਘਟਨਾ ਨਾਲ ਸਬੰਧ ਸਥਾਪਤ ਹੋ ਸਕੇ।
ਅਦਾਲਤ ਨੇ ਕਿਹਾ ਹੈ ਕਿ ਇਸ ਕੇਸ 'ਚ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ, ਅਜਿਹੇ 'ਚ ਮੁਲਜ਼ਮਾਂ ਨੂੰ ਲੰਬੇ ਸਮੇਂ ਲਈ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਹਾਈਕੋਰਟ ਨੇ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ 'ਤੇ ਲੱਗੇ ਦੋਸ਼ ਸੱਚੇ ਹਨ ਜਾਂ ਝੂਠੇ, ਇਹ ਮੁਕੱਦਮੇ ਦੀ ਸੁਣਵਾਈ 'ਚ ਪਤਾ ਲੱਗ ਜਾਵੇਗਾ।
ਜ਼ਿਕਰਯੋਗ ਹੈ ਕਿ ਹਿੰਸਾ ਦੌਰਾਨ 24 ਫ਼ਰਵਰੀ 2020 ਨੂੰ ਹਿੰਸਾ, ਲੁੱਟਾਂ-ਖੋਹਾਂ, ਡਕੈਤੀ, ਗੱਡੀਆਂ ਨੂੰ ਸਾੜਨ ਸਮੇਤ ਵੱਖ-ਵੱਖ ਦੋਸ਼ਾਂ 'ਚ ਇਨ੍ਹਾਂ ਦੋਸ਼ੀਆਂ ਵਿਰੁੱਧ ਖਜੂਰੀ ਖਾਸ ਥਾਣਾ 'ਚ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਘਟਨਾ ਤੋਂ ਤਿੰਨ ਦਿਨ ਬਾਅਦ ਪੁਲਿਸ ਨੇ 27 ਫ਼ਰਵਰੀ ਨੂੰ ਮਾਮਲਾ ਦਰਜ ਕੀਤਾ ਅਤੇ 14 ਮਾਰਚ 2020 ਨੂੰ ਤਿੰਨ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਸਨ, ਜਦਕਿ ਇਕ ਪੁਲਿਸ ਮੁਲਾਜ਼ਮ ਦਾ ਬਿਆਨ 24 ਅਪ੍ਰੈਲ 2020 ਨੂੰ ਦਰਜ ਕੀਤਾ ਗਿਆ।
ਦਿੱਲੀ ਪੁਲਿਸ ਨੇ ਮੁਲਾਜ਼ਮਾਂ ਦੀ ਜ਼ਮਾਨਤ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਸਬੂਤਾਂ ਨੂੰ ਪ੍ਰਭਾਵਿਤ ਕਰਨਗੇ ਅਤੇ ਹੋਰ ਅਪਰਾਧਾਂ ਨੂੰ ਵੀ ਅੰਜਾਮ ਦੇਣਗੇ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਕੋਲੋਂ ਲੋਕਾਂ ਤੋਂ ਲੁੱਟੇ ਗਏ ਪੈਸੇ ਵੀ ਬਰਾਮਦ ਕੀਤੇ ਗਏ ਹਨ।
ਦੱਸ ਦੇਈਏ ਕਿ ਨਾਗਿਰਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ 'ਚ ਉੱਤਰ-ਪੂਰਬੀ ਦਿੱਲੀ 'ਚ ਹਿੰਸਾ ਭੜਕ ਗਈ ਸੀ, ਜਿਸ 'ਚ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵੱਧ ਜ਼ਖ਼ਮੀ ਹੋਏ ਸਨ।