(Source: ECI/ABP News)
Farmers Protest: ਬੀਜੇਪੀ ਨੂੰ ਸਤਾਉਂਦੀ ਰਹੇਗੀ 26 ਤਾਰੀਖ, ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ’ਤੇ 26 ਜਨਵਰੀ 2021 ਨੂੰ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ 26 ਤਾਰੀਕ ਹੀ ਉਨ੍ਹਾਂ (ਕੇਂਦਰ ਸਰਕਾਰ) ਨੂੰ ਮੁਆਫ਼ ਨਹੀਂ ਕਰੇਗੀ।
![Farmers Protest: ਬੀਜੇਪੀ ਨੂੰ ਸਤਾਉਂਦੀ ਰਹੇਗੀ 26 ਤਾਰੀਖ, ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ Farmers Protest: Farmers Against Farm laws at Delhi borders, for June 26 a large number of farmers are marching towards Delhi Farmers Protest: ਬੀਜੇਪੀ ਨੂੰ ਸਤਾਉਂਦੀ ਰਹੇਗੀ 26 ਤਾਰੀਖ, ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ](https://static.abplive.com/wp-content/uploads/2020/12/15031316/Farmers-10.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ 26 ਜੂਨ ਨੂੰ ਸੱਤ ਮਹੀਨੇ ਪੂਰੇ ਹੋਣ ਮੌਕੇ ਵੱਡੀ ਗਿਣਤੀ ਕਿਸਾਨ ਦਿੱਲੀ ਦੀਆਂ ਹੱਦਾਂ ਵੱਲ ਕੂਚ ਕਰ ਰਹੇ ਹਨ। ਅੱਜ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਹੋਏ ਹਨ। ਇਨ੍ਹਾਂ ਕਾਫਲਿਆਂ ਵਿੱਚ ਵੱਡੀ ਗਿਣਤੀ ਟਰੈਕਟਰ ਤੇ ਕਾਰਾਂ ਸ਼ਾਮਲ ਹਨ।
ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਵੀਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਵੱਡੀ ਗਿਣਤੀ ਕਿਸਾਨ 26 ਜੂਨ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਸਿੰਘੂ, ਟਿੱਕਰੀ ਤੇ ਗਾਜੀਪੁਰ ਸਰਹੱਦਾਂ ’ਤੇ ਕਿਸਾਨ 26 ਜੂਨ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ ਦਿਵਸ’ ਮਨਾ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ’ਤੇ 26 ਜਨਵਰੀ 2021 ਨੂੰ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ 26 ਤਾਰੀਕ ਹੀ ਉਨ੍ਹਾਂ (ਕੇਂਦਰ ਸਰਕਾਰ) ਨੂੰ ਮੁਆਫ਼ ਨਹੀਂ ਕਰੇਗੀ। ਕੇਂਦਰ ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਟਿਕੈਤ ਨੇ ਕਿਹਾ ਕਿ 26 ਨੂੰ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ, 26 ਤਾਰੀਕ ਨੂੰ ਹੀ ਸੰਪੂਰਨ ਕ੍ਰਾਂਤੀ ਸ਼ੁਰੂ ਹੋਈ ਸੀ, 26 ਨੂੰ ਹੀ ਪੁਲਵਾਮਾ ਹਮਲਾ ਹੋਇਆ। ਇਹ ਜੋ 26 ਤਾਰੀਕ ਹੈ ਉਹ ਹੀ ਸਰਕਾਰ ਦਾ ਇਲਾਜ ਕਰੇਗੀ।
ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਵੱਡਾ ਕਾਫ਼ਲਾ, ਜਿਸ ਵੱਡੀ ਗਿਣਤੀ ਵਿੱਚ ਟਰੈਕਟਰ ਸ਼ਾਮਲ ਹੋਣਗੇ, 25 ਜੂਨ ਨੂੰ ਗਾਜ਼ੀਪੁਰ ਪੁੱਜੇਗਾ ਜੋ ਇੱਕ ਤਰ੍ਹਾਂ ਦੀ ਰਿਹਰਸਲ ਹੈ ਕਿ ਟਰੈਕਟਰ ਦਿੱਲੀ ਮੋਰਚਿਆਂ ਵਿੱਚ ਆਉਣਾ ਨਾ ਭੁੱਲ ਜਾਣ। ਇਸ ਤਰ੍ਹਾਂ ਇਹ ਕਾਫ਼ਲਾ ਇੱਕ-ਦੋ ਦਿਨ ਮੋਰਚੇ ’ਚ ਰੁਕ ਕੇ ਚਲਾ ਜਾਵੇਗਾ ਤੇ ਫਿਰ ਕਿਸਾਨਾਂ ਦਾ ਅਗਲਾ ਜਥਾ ਆਵੇਗਾ। ਇਸ ਤਰ੍ਹਾਂ ਆਉਣ-ਜਾਣ ਲੱਗਾ ਰਹੇਗਾ ਤੇ 4 ਲੱਖ ਟਰੈਕਟਰ ਵੀ ਇੱਥੇ ਹੀ ਹਨ ਤੇ 25 ਲੱਖ ਕਿਸਾਨ ਵੀ ਇੱਥੇ ਹੀ ਹਨ। ਇਹ ਕਿਸਾਨ ਤੇ ਟਰੈਕਟਰ ਦੇਸ਼ ਦੇ ਹੀ ਹਨ ਅਫ਼ਗਾਨਿਸਤਾਨ ਤੋਂ ਨਹੀਂ ਆਏ।
ਉਨ੍ਹਾਂ ਕਿਹਾ ਕਿ ਕਿਸਾਨ 7 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ। ਉਨ੍ਹਾਂ ਕਿਹਾ ਕਿ ਕੀ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਕਿ ਕਿਸਾਨਾਂ ਦਾ ਕੀ ਕਹਿਣਾ ਹੈ? ਕੀ ਧਰਨਾ ਪ੍ਰਦਰਸ਼ਨ ਲੋਕਤੰਤਰ ਵਿੱਚ ਕੰਮ ਨਹੀਂ ਕਰਦਾ?
ਦੱਸ ਦਈਏ ਕਿ ਅੰਦੋਲਨ ਦੇ 26 ਜੂਨ ਨੂੰ ਸੱਤ ਮਹੀਨੇ ਪੂਰੇ ਹੋਣ ’ਤੇ ਹੁਣ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦੇ ਨਾਅਰੇ ਨਾਲ ਕਿਸਾਨਾਂ ਦਾ ਸੰਘਰਸ਼ ਅਗਲੇ ਪੜਾਅ ’ਚ ਦਾਖ਼ਲ ਹੋਵੇਗਾ। ਉਸ ਦਿਨ ਕਿਰਤੀਆਂ, ਮਹਿਲਾਵਾਂ, ਵਿਦਿਆਰਥੀਆਂ, ਦਲਿਤਾਂ ਤੇ ਘੱਟ ਗਿਣਤੀਆਂ ਦੀਆਂ ਜਥੇਬੰਦੀਆਂ ਵੱਲੋਂ ਵੱਖ ਵੱਖ ਸੂਬਿਆਂ ਦੇ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸੇ ਦਿਨ ਕਾਂਗਰਸ ਸਰਕਾਰ ਵੱਲੋਂ 1975 ’ਚ ਦੇਸ਼ ਭਰ ’ਚ ਐਮਰਜੈਂਸੀ ਲਾਈ ਗਈ ਸੀ।
ਆਲ ਇੰਡੀਆ ਕਿਸਾਨ ਸਭਾ ਦੀ ਹਰਿਆਣਾ ਇਕਾਈ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਨੇ ਕਿਹਾ,‘‘ਕਿੰਨੀ ਹਾਸੋ-ਹੀਣੀ ਗੱਲ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਜੋ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦੇ ਪੀੜਤ ਹੋਣ ਦਾ ਦਾਅਵਾ ਕਰਦੀ ਹੈ, ਨੇ ਮੁਲਕ ’ਚ ਅਣਐਲਾਨੀ ਐਮਰਜੈਂਸੀ ਲਾਗੂ ਕੀਤੀ ਹੋਈ ਹੈ ਜਿਥੇ ਅਸਹਿਮਤੀ ਦੀਆਂ ਸੁਰਾਂ ਨੂੰ ਬੇਰਹਿਮੀ ਨਾਲ ਦਬਾਇਆ ਜਾਂਦਾ ਹੈ।’’ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਐਮਰਜੈਂਸੀ ਨੂੰ ਆਮ ਜਨ-ਜੀਵਨ ਦਾ ਹਿੱਸਾ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ: Gold Mask: ‘Golden Baba’ ਨੇ ਕੋਰੋਨਾ ਤੋਂ ਬਚਣ ਲਈ ਪਹਿਨਿਆ 5 ਲੱਖ ਦਾ ਮਾਸਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)