Food Safety: ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਕਰਨ ਵਾਲਿਆਂ ਦੀ ਖ਼ੈਰ ਨਹੀਂ! ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ
ਫੂਡ ਸੇਫਟੀ ਰੈਗੂਲੇਟਰ FSSAI ਨੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
FSSAI Mobile Testing Lab: ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਵਾਲਿਆਂ ਦੀ ਖੈਰ ਨਹੀਂ। ਫੂਡ ਸੇਫਟੀ ਰੈਗੂਲੇਟਰ FSSAI ਨੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਲਈ ਰੈਗੂਲੇਟਰ ਨੇ ਵੱਡੀ ਗਿਣਤੀ 'ਚ ਮੋਬਾਈਲ ਟੈਸਟਿੰਗ ਲੈਬਾਂ ਸ਼ੁਰੂ ਕੀਤੀਆਂ ਹਨ। ਰੈਗੂਲੇਟਰ ਦਾ ਉਦੇਸ਼ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਅਜਿਹੀ ਲੈਬ ਸਥਾਪਤ ਕਰਨਾ ਹੈ।
ਹਰ ਜ਼ਿਲ੍ਹੇ ਵਿੱਚ ਮੋਬਾਈਲ ਟੈਸਟਿੰਗ ਲੈਬ ਹੋਵੇਗੀ
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦਾ ਕਹਿਣਾ ਹੈ ਕਿ ਮੋਬਾਈਲ ਟੈਸਟਿੰਗ ਲੈਬ ਦੀ ਉਪਲਬਧਤਾ ਨਾਲ ਘੱਟ ਸਮੇਂ ਵਿੱਚ ਭੋਜਨ ਦੇ ਨਮੂਨਿਆਂ ਦੀ ਜਾਂਚ ਕਰਨਾ ਸੰਭਵ ਹੋਵੇਗਾ। FSSAI ਅਨੁਸਾਰ ਦੇਸ਼ ਭਰ ਵਿੱਚ 261 ਮੋਬਾਈਲ ਵੈਨਾਂ ਤਾਇਨਾਤ ਕੀਤੀਆਂ ਗਈਆਂ ਹਨ। ਅਜਿਹੀ ਇੱਕ ਵੈਨ ਹਰ ਜ਼ਿਲ੍ਹੇ ਵਿੱਚ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਤੁਹਾਡੇ ਘਰ ਦੇ ਨੇੜੇ ਦੁੱਧ, ਤੇਲ, ਮਸਾਲੇ, ਫਲ ਤੇ ਸਬਜ਼ੀਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇਗੀ ਹੈ ਤੇ ਉਹ ਵੀ ਬਹੁਤ ਘੱਟ ਸਮੇਂ ਵਿੱਚ।
ਕੇਂਦਰੀ ਮੰਤਰੀ ਨੇ ਅਪਡੇਟ ਸਾਂਝੀ ਕੀਤੀ
ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਸ ਬਾਰੇ ਅਪਡੇਟ ਕੀਤਾ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਐਫਐਸਐਸਏਆਈ ਵੱਲੋਂ ਸਟ੍ਰੀਟ ਫੂਡ ਵਿਕਰੇਤਾਵਾਂ ਲਈ ਇੱਕ ਸਿਖਲਾਈ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਭੋਜਨ ਦੀ ਸਾਫ-ਸਫਾਈ ਤੇ ਸੁਰੱਖਿਆ ਪ੍ਰਕਿਰਿਆਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਫੂਡ ਸੇਫਟੀ ਆਨ ਵ੍ਹੀਲਜ਼ ਯਾਨੀ ਮੋਬਾਈਲ ਟੈਸਟਿੰਗ ਲੈਬਾਰਟਰੀ ਦਾ ਵੀ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਫੂਡ ਸੇਫਟੀ ਦਿਸ਼ਾ ਨਿਰਦੇਸ਼ ਜਾਰੀ ਕਰਨ, ਸਟ੍ਰੀਟ ਫੂਡ ਵੈਂਡਰ ਪੋਰਟਲ ਦੀ ਸ਼ੁਰੂਆਤ ਤੇ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਟੈਸਟਿੰਗ ਕਿੱਟਾਂ ਦੀ ਵੰਡ ਵੀ ਕੀਤੀ ਗਈ।
ਰਜਿਸਟ੍ਰੇਸ਼ਨ ਫੀਸ ਮੁਆਫ ਕਰਨ ਦਾ ਐਲਾਨ
ਇਸ ਮੌਕੇ ਕੇਂਦਰੀ ਮੰਤਰੀ ਨੱਡਾ ਨੇ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਇੱਕ ਅਨੋਖਾ ਤੋਹਫਾ ਵੀ ਦਿੱਤਾ। ਉਨ੍ਹਾਂ ਨੇ FSSAI ਨੂੰ ਸਟ੍ਰੀਟ ਫੂਡ ਵਿਕਰੇਤਾਵਾਂ ਲਈ ਰਜਿਸਟ੍ਰੇਸ਼ਨ ਫੀਸ ਮੁਆਫ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਐਫਐਸਐਸਏਆਈ ਨੂੰ ਰਜਿਸਟ੍ਰੇਸ਼ਨ ਫੀਸ ਮੁਆਫ ਕਰਨੀ ਚਾਹੀਦੀ ਹੈ। ਇਸ ਨਾਲ ਵੱਧ ਤੋਂ ਵੱਧ ਵਿਕਰੇਤਾ ਰਜਿਸਟਰਡ ਹੋਣਗੇ। ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਰਜਿਸਟ੍ਰੇਸ਼ਨ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਂਦੇ ਹਨ।