ਪੁਲਿਸ ਦਾ ਕਾਰਨਾਮਾ! ਕਾਰ 'ਚ ਬੈਠੇ ਵਿਅਕਤੀ ਦਾ ਹੈਲਮੇਟ ਨਾ ਪਾਉਣ ਕਾਰਨ ਕੱਟਿਆ ਚਲਾਨ
ਸੁਰੇਸ਼ ਕੁਮਾਰ ਨੇ ਦੱਸਿਆ ਕਿ ਚਲਾਨ 'ਚ 19 ਅਪ੍ਰੈਲ, 2020 ਦੀ ਤਾਰੀਖ ਲਿਖੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਰ ਚਲਾ ਰਹੇ ਹੋ ਤਾਂ ਹੈਲਮੇਟ ਕਿਵੇਂ ਪਾਇਆ ਜਾ ਸਕਦਾ ਹੈ।
ਗਾਜ਼ੀਆਬਾਦ: ਇੱਥੋਂ ਦੀ ਪੁਲਿਸ ਦਾ ਰਵੱਈਆ ਵੀ ਅਜੀਬ ਹੈ। ਕਾਰ ਚਲਾ ਰਹੇ ਵਿਅਕਤੀ ਨੂੰ ਹੈਲਮੇਟ ਨਾ ਲਾਉਣ 'ਤੇ 500 ਰੁਪਏ ਦਾ ਚਾਲਾਨ ਕੱਟ ਦਿੱਤਾ। ਜਦਕਿ ਚਲਾਨ 'ਤੇ ਵਿਅਕਤੀ ਦੀ ਕਾਰ 'ਚ ਬੈਠਿਆਂ ਦੀ ਤਸਵੀਰ ਹੈ। ਪੀੜਤ ਨੂੰ ਚਲਾਨ ਕੱਟਣ ਦੇ 10 ਮਹੀਨੇ ਬਾਅਦ ਪਤਾ ਲੱਗਾ ਜਦੋਂ ਚਲਾਨ ਘਰ ਪਹੁੰਚਿਆ।
ਨੰਦਗ੍ਰਾਮ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਕਾਰ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕੋਲ ਇਕ ਚਲਾਨ ਪਹੁੰਚਿਆ ਜੋ 10 ਮਹੀਨੇ ਪੁਰਾਣਾ ਹੈ। ਉਹ ਕਾਰ 'ਚ ਬੈਠੇ ਹੋਏ ਹਨ ਤੇ ਜੋ ਚਲਾਨ ਉਨ੍ਹਾਂ ਕੋਲ ਆਇਆ ਉਸ 'ਚ ਹੈਲਮੇਟ ਨਾ ਪਾਉਣ 'ਤੇ 500 ਰੁਪਏ ਦਾ ਚਲਾਨ ਕੱਟਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਚਲਾਨ 'ਚ 19 ਅਪ੍ਰੈਲ, 2020 ਦੀ ਤਾਰੀਖ ਲਿਖੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਰ ਚਲਾ ਰਹੇ ਹੋ ਤਾਂ ਹੈਲਮੇਟ ਕਿਵੇਂ ਪਾਇਆ ਜਾ ਸਕਦਾ ਹੈ। ਕਾਰ ਚਲਾਉਂਦੇ ਸਮੇਂ ਤਾਂ ਹੈਲਮੇਟ ਪਹਿਣਨ ਦਾ ਕੋਈ ਨਿਯਮ ਨਹੀਂ ਹੈ। ਜੇਕਰ ਅਜਿਹਾ ਕੋਈ ਨਿਯਮ ਗਾਜ਼ੀਆਬਾਦ ਦੀ ਟ੍ਰੈਫਿਕ ਪੁਲਿਸ ਨੇ ਬਣਾਇਆ ਹੈ ਤਾਂ ਉਹ ਲੋਕਾਂ ਨੂੰ ਜਾਗਰੂਕ ਕਰੇ।
ਇਸ ਤਰ੍ਹਾਂ ਦੇ ਚਲਾਨ ਕੱਟਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚਲਾਨ ਨੂੰ ਰੱਦ ਕੀਤਾ ਜਾਵੇ। ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ 'ਤੇ ਮਾਮਲੇ ਨੂੰ ਦੇਖਿਆ ਜਾਵੇਗਾ ਤੇ ਚਲਾਨ ਕੱਟਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ।