ਗੁਜਰਾਤ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ 'ਚ ਵੱਡਾ ਧਮਾਕਾ ! ਕਾਂਗਰਸੀ ਲੀਡਰਾਂ ਦੇ 'ਗੁਪਤ ਗਠਜੋੜ' ਕਰਕੇ 27 ਸਾਲਾਂ ਤੋਂ ਬੀਜੇਪੀ ਦਾ ਰਾਜ? ਹਾਰਦਿਕ ਪਟੇਲ ਨੇ ਆਪਣੀ ਹੀ ਪਾਰਟੀ ਦੇ ਖੋਲ੍ਹੇ ਰਾਜ
ਕਾਂਗਰਸ ਦੀ ਗੁਜਰਾਤ ਇਕਾਈ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਪਾਰਟੀ ਦੀ ਸੂਬਾ ਲੀਡਰਸ਼ਿਪ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਸੂਬਾ ਕਾਂਗਰਸ ਦੇ ਆਗੂ ਚਾਹੁੰਦੇ ਹਨ ਕਿ 'ਮੈਂ ਪਾਰਟੀ ਛੱਡ ਦਿਆਂ'।
ਨਵੀਂ ਦਿੱਲੀ: ਕਾਂਗਰਸ (Congress) ਦੀ ਗੁਜਰਾਤ ਇਕਾਈ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ (Hardik Patel) ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਪਾਰਟੀ ਦੀ ਸੂਬਾ ਲੀਡਰਸ਼ਿਪ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਸੂਬਾ ਕਾਂਗਰਸ ਦੇ ਆਗੂ ਚਾਹੁੰਦੇ ਹਨ ਕਿ 'ਮੈਂ ਪਾਰਟੀ ਛੱਡ ਦਿਆਂ'। ਹਾਰਦਿਕ ਪਟੇਲ ਨੇ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਕਈ ਵਾਰ ਆਪਣੀ ਇਸ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ, ਪਰ ਅਫ਼ਸੋਸ ਦੀ ਗੱਲ ਹੈ ਕਿ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਹਾਰਦਿਕ ਪਟੇਲ ਨੇ ਦਾਅਵਾ ਕੀਤਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਗੁਜਰਾਤ 'ਚ ਕਾਂਗਰਸ ਸਰਕਾਰ ਦੀ ਅਸਫ਼ਲਤਾ ਲਈ ਅੰਦਰੂਨੀ ਧੜੇਬੰਦੀ ਤੇ ਹੋਰ ਪਾਰਟੀਆਂ ਨਾਲ ਸਥਾਨਕ ਕਾਂਗਰਸੀ ਆਗੂਆਂ ਦੇ 'ਗੁਪਤ ਗਠਜੋੜ' ਜ਼ਿੰਮੇਵਾਰ ਹਨ। ਹਾਰਦਿਕ ਪਟੇਲ ਨੇ ਇਹ ਵੀ ਦਾਅਵਾ ਕੀਤਾ ਕਿ 2017 'ਚ ਇੰਨਾ ਵੱਡਾ ਮਾਹੌਲ ਸੀ, ਪਰ ਸਹੀ ਉਮੀਦਵਾਰਾਂ ਦੀ ਚੋਣ ਨਾ ਕਰਨ ਕਾਰਨ ਸਰਕਾਰ ਨਹੀਂ ਬਣ ਸਕੀ।
27 ਸਾਲਾਂ ਤੋਂ ਗੁਜਰਾਤ ਦੀ ਸੱਤਾ ਤੋਂ ਬਾਹਰ ਕਾਂਗਰਸ
ਹਾਰਦਿਕ ਪਟੇਲ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ ਦੀ ਸੂਬਾਈ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹ ਕੇ ਬਗਾਵਤ ਕਰ ਦਿੱਤੀ ਹੈ। ਸੂਬੇ 'ਚ ਇਸ ਸਾਲ ਨਵੰਬਰ-ਦਸੰਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਗੁਜਰਾਤ 'ਚ ਕਾਂਗਰਸ ਪਿਛਲੇ 27 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਪਾਟੀਦਾਰ ਰਾਖਵਾਂਕਰਨ ਅੰਦੋਲਨ ਦਾ ਵੱਡਾ ਚਿਹਰਾ ਰਹੇ ਹਾਰਦਿਕ ਪਟੇਲ ਨੇ ਕਿਹਾ, "ਅਸੀਂ ਵੱਡਾ ਅੰਦੋਲਨ ਖੜ੍ਹਾ ਕਰਕੇ ਕਾਂਗਰਸ ਨੂੰ ਫ਼ਾਇਦਾ ਪਹੁੰਚਾਇਆ ਸੀ। ਸਾਨੂੰ ਇਹ ਲੱਗਿਆ ਸੀ ਕਿ ਜਦੋਂ ਸਾਡੀ ਤਾਕਤ ਤੇ ਕਾਂਗਰਸ ਦੀ ਤਾਕਤ ਮਿਲੇਗੀ ਤਾਂ ਅਸੀਂ ਸੂਬੇ ਨੂੰ ਇੱਕ ਨਵੀਂ ਸਥਿਤੀ 'ਚ ਲਿਆ ਕੇ ਖੜ੍ਹਾ ਕਰਾਂਗੇ ਪਰ ਕਾਂਗਰਸੀ ਆਗੂਆਂ ਨੇ ਸਾਡੀ ਤਾਕਤ ਨੂੰ ਕਮਜ਼ੋਰ ਕੀਤਾ।"
ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ, ਪਰ ਮੇਰੇ ਕੋਲ ਕੋਈ ਕੰਮ ਨਹੀਂ ਹੈ। ਮੈਨੂੰ ਕਿਸੇ ਮਹੱਤਵਪੂਰਨ ਮੀਟਿੰਗ 'ਚ ਨਹੀਂ ਬੁਲਾਇਆ ਜਾਂਦਾ, ਮੈਨੂੰ ਕਿਸੇ ਫ਼ੈਸਲੇ 'ਚ ਭਾਗੀਦਾਰ ਨਹੀਂ ਬਣਾਇਆ ਜਾਂਦਾ। ਸਵਾਲ ਇਹ ਹੈ ਕਿ ਕਾਂਗਰਸ 'ਚ ਕਾਰਜਕਾਰੀ ਪ੍ਰਧਾਨ ਕੀ ਹੈ? ਕੁਝ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ, ਪਰ 3 ਸਾਲ ਹੋ ਗਏ ਹਨ, ਕੋਈ ਕੰਮ ਨਹੀਂ ਦਿੱਤਾ ਗਿਆ ਹੈ।"
ਪਟੇਲ ਨੇ ਕਿਹਾ, "ਮੇਰੀ ਇਹ ਨਾਰਾਜ਼ਗੀ ਕਿਤੇ ਹੋਰ ਜਾਣ ਲਈ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੁਝ ਚੰਗਾ ਕਰੋ। ਪਾਰਟੀ ਦੀ ਹਾਲਤ ਬਹੁਤ ਖ਼ਰਾਬ ਹੈ। ਜਿਹੜੀ ਮਜ਼ਬੂਤੀ ਨਾਲ ਲੜਨ ਵਾਲੇ ਲੋਕ ਹਨ, ਉਨ੍ਹਾਂ ਨੂੰ ਮੌਕਾ ਦਿਓ। ਜਿਹੜੇ ਲੋਕ ਕੁਝ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਹੀ ਸਭ ਕੁਝ ਦਿੱਤਾ ਹੋਇਆ ਹੈ। ਲਗਪਗ 30 ਸਾਲ ਤੋਂ ਕਾਂਗਰਸ ਦੀ ਸਰਕਾਰ ਨਹੀਂ ਬਣੀ ਤਾਂ ਇਨ੍ਹਾਂ ਲੋਕਾਂ ਦੀ ਗਲਤੀ ਸਮਝੋ।" ਪਾਟੀਦਾਰ ਭਾਈਚਾਰੇ ਦੇ ਜਾਣੇ-ਪਛਾਣੇ ਚਿਹਰੇ ਨਰੇਸ਼ ਪਟੇਲ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ ਬਾਰੇ ਹਾਰਦਿਕ ਪਟੇਲ ਨੇ ਕਿਹਾ, "ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਗੱਲਬਾਤ ਹੋਈ ਹੈ ਜਾਂ ਨਹੀਂ। ਇੰਨੇ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ, ਪਰ ਕੁਝ ਨਹੀਂ ਬੋਲਿਆ ਜਾ ਰਿਹਾ।"
ਉਨ੍ਹਾਂ ਨੇ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਸਵਾਲ ਕੀਤਾ, "2017 'ਚ ਤੁਸੀਂ ਹਾਰਦਿਕ ਦੀ ਵਰਤੋਂ ਕੀਤੀ, 2022 'ਚ ਤੁਸੀਂ ਨਰੇਸ਼ ਭਾਈ ਦੀ ਵਰਤੋਂ ਕਰੋਗੇ ਅਤੇ 2027 'ਚ ਕੀ ਕੋਈ ਨਵਾਂ ਪਟੇਲ ਲੱਭੋਗੇ? ਤੁਹਾਡੇ ਕੋਲ ਹਾਰਦਿਕ ਹੈ, ਤਾਂ ਉਸ ਨੂੰ ਮਜ਼ਬੂਤ ਕਿਉਂ ਨਹੀਂ ਕਰਦੇ? ਨਰੇਸ਼ ਭਾਈ ਨੂੰ ਪਾਰਟੀ 'ਚ ਲਿਆ ਜਾਣਾ ਚਾਹੀਦਾ ਹੈ, ਪਰ ਕਿਤੇ ਉਨ੍ਹਾਂ ਦੀ ਹਾਲਤ ਵੀ ਮੇਰੇ ਵਰਗੀ ਤਾਂ ਨਹੀਂ ਹੋਵੇਗੀ?" ਇਹ ਪੁੱਛੇ ਜਾਣ 'ਤੇ ਕਿ ਕੀ ਉਹ ਕਾਂਗਰਸ ਛੱਡਣ ਬਾਰੇ ਵਿਚਾਰ ਕਰ ਰਹੇ ਹਨ ਤਾਂ 28 ਸਾਲਾ ਪਟੇਲ ਨੇ ਕਿਹਾ, "ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਜਾਣਾ ਚਾਹੁੰਦਾ। ਪਰ ਗੁਜਰਾਤ ਕਾਂਗਰਸ 'ਚ ਜਿਹੜੇ ਮਜ਼ਬੂਤ ਨੇਤਾ ਹੁੰਦੇ ਹਨ, ਉਨ੍ਹਾਂ ਨੂੰ ਇਸ ਲਈ ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਪਾਰਟੀ ਛੱਡ ਦੇਣ।"
ਸਾਲ 2017 'ਚ ਕਾਂਗਰਸ ਦੇ 80 ਵਿਧਾਇਕ
ਉਨ੍ਹਾਂ ਦੋਸ਼ ਲਾਇਆ, "ਸੂਬਾ ਕਾਂਗਰਸ ਦੇ ਆਗੂ ਚਾਹੁੰਦੇ ਹਨ ਕਿ ਮੈਂ ਵੀ ਪਾਰਟੀ ਛੱਡ ਦਿਆਂ।" ਪਟੇਲ ਨੇ ਕਿਹਾ, "ਮੈਨੂੰ ਇੰਨਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਮੇਰਾ ਦਿਲ ਭਰ ਆਉਂਦਾ ਹੈ।" ਉਨ੍ਹਾਂ ਸਵਾਲ ਕੀਤਾ, "ਸਾਲ 2017 'ਚ ਕਾਂਗਰਸ ਦੇ 80 ਵਿਧਾਇਕ ਸਨ, ਅੱਜ 65 ਰਹਿ ਗਏ ਹਨ। ਜੇਕਰ ਇੱਕ-ਦੋ ਵਿਧਾਇਕ ਚਲੇ ਗਏ ਤਾਂ ਅਸੀਂ ਮੰਨ ਲਿਆ ਸੀ ਕਿ ਭਾਜਪਾ ਨੇ ਖਰੀਦ ਲਿਆ ਹੋਵੇਗਾ, ਪਰ ਜੇਕਰ ਇੰਨੇ ਵਿਧਾਇਕ ਚਲੇ ਗਏ ਹਨ ਤਾਂ ਅਸੀਂ ਆਪਣੀ ਗਲਤੀ ਕਿਉਂ ਨਹੀਂ ਮੰਨ ਰਹੇ? ਸੱਚ ਤਾਂ ਇਹ ਹੈ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ, ਇਸ ਲਈ ਉਹ ਚਲੇ ਗਏ।"
ਪਟੇਲ ਨੇ ਦੋਸ਼ ਲਾਇਆ, "ਕਾਂਗਰਸ ਦੀ ਸਥਾਨਕ ਲੀਡਰਸ਼ਿਪ ਪੂਰੀ ਤਰ੍ਹਾਂ ਬੇਕਾਰ ਕੰਮ ਕਰ ਰਹੀ ਹੈ। ਸਾਰਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਧੜੇਬੰਦੀ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।" ਉਨ੍ਹਾਂ ਕਿਹਾ, "ਰਾਹੁਲ ਜੀ ਨੂੰ ਸਾਰੀ ਸਥਿਤੀ ਬਾਰੇ ਕਈ ਵਾਰ ਦੱਸਿਆ, ਪਰ ਕੋਈ ਫ਼ੈਸਲਾ ਨਹੀਂ ਹੋਇਆ। ਇਸ ਕਰਕੇ ਮੈਨੂੰ ਹੋਰ ਦੁੱਖ ਹੁੰਦਾ ਹੈ। ਮੇਰੇ ਬਾਰੇ ਕਾਂਗਰਸ ਦੇ ਲੋਕ ਹੀ ਅਫ਼ਵਾਹ ਫੈਲਾਉਂਦੇ ਹਨ ਕਿ ਮੈਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਿਹਾ ਹਾਂ। ਇਹ ਸਭ ਮੈਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ।"
ਉਨ੍ਹਾਂ ਇੱਕ ਸਰਵੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਗਲਤ ਧਾਰਨਾ ਪੈਦਾ ਕੀਤੀ ਗਈ ਹੈ ਕਿ ਪਾਟੀਦਾਰ ਭਾਈਚਾਰੇ ਦੇ ਲੋਕ ਕਾਂਗਰਸ ਨੂੰ ਵੋਟ ਨਹੀਂ ਦਿੰਦੇ, ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇਸ ਭਾਈਚਾਰੇ ਦੇ 47 ਫ਼ੀਸਦੀ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਵੋਟਾਂ ਪਾਈਆਂ ਸਨ। ਉਨ੍ਹਾਂ ਕਿਹਾ, "ਜੇਕਰ ਕਾਂਗਰਸ ਗੁਜਰਾਤ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਆਪਣੀ ਕਾਰਜਪ੍ਰਣਾਲੀ ਬਦਲੇ ਤੇ ਚੰਗੇ ਤੇ ਮਜ਼ਬੂਤ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੇ। ਨਹੀਂ ਤਾਂ ਗੁਜਰਾਤ ਦੀ ਧਰਤੀ ਵੱਖਰੀ ਹੈ।"