Gujarat Election 2022 : ਗੁਜਰਾਤ ਦੇ 182 ਜੇਤੂ ਵਿਧਾਇਕਾਂ 'ਚੋਂ 151 ਕਰੋੜਪਤੀ, ਹੈਰਾਨ ਕਰਨ ਵਾਲੀ ADR ਦੀ ਰਿਪੋਰਟ
Gujarat Election 2022 : ਗੁਜਰਾਤ ਵਿਧਾਨ ਸਭਾ ਵਿੱਚ ਚੁਣੇ ਗਏ ਵਿਧਾਇਕਾਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਵਾਲੇ 182 ਵਿਧਾਇਕਾਂ ਵਿੱਚੋਂ ਕੁੱਲ 151 ਵਿਧਾਇਕ ਕਰੋੜਪਤੀ ਹਨ।
Gujarat Election 2022 : ਗੁਜਰਾਤ ਵਿਧਾਨ ਸਭਾ ਵਿੱਚ ਚੁਣੇ ਗਏ ਵਿਧਾਇਕਾਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਵਾਲੇ 182 ਵਿਧਾਇਕਾਂ ਵਿੱਚੋਂ ਕੁੱਲ 151 ਵਿਧਾਇਕ ਕਰੋੜਪਤੀ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਅਤੇ ਗੁਜਰਾਤ ਇਲੈਕਸ਼ਨ ਵਾਚ ਵੱਲੋਂ ਕੀਤੀ ਗਈ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ।
2017 ਦੀਆਂ ਚੋਣਾਂ ਜਿੱਤਣ ਵਾਲੇ ਕਰੋੜਪਤੀ (ਇਕ ਕਰੋੜ ਰੁਪਏ ਤੋਂ ਵੱਧ ਜਾਇਦਾਦ) ਵਿਧਾਇਕਾਂ ਦੀ ਗਿਣਤੀ 141 ਸੀ। ਇਸ ਵਾਰ ਵਿਧਾਨ ਸਭਾ ਵਿੱਚ ਚੁਣੇ ਗਏ 83 ਫੀਸਦੀ ਵਿਧਾਇਕ ਕਰੋੜਪਤੀ ਹਨ। ਇਸ ਖੋਜ 'ਚ ਇਹ ਸਾਹਮਣੇ ਆਇਆ ਹੈ ਕਿ ਸੱਤਾਧਾਰੀ ਭਾਜਪਾ ਦੇ 132 ਵਿਧਾਇਕ ਕਰੋੜਪਤੀ ਹਨ, ਜਿਸ ਤੋਂ ਬਾਅਦ ਕਾਂਗਰਸ ਦੇ 14 ਵਿਧਾਇਕ, ਤਿੰਨ ਆਜ਼ਾਦ ਅਤੇ ਆਮ ਆਦਮੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਦਾ ਇਕ-ਇਕ ਵਿਧਾਇਕ ਹੈ।
ਜ਼ਿਕਰਯੋਗ ਹੈ ਕਿ 182 ਮੈਂਬਰੀ ਸਦਨ 'ਚ ਭਾਜਪਾ ਨੇ ਰਿਕਾਰਡ 156 ਸੀਟਾਂ ਜਿੱਤ ਕੇ ਲਗਾਤਾਰ ਸੱਤਵੀਂ ਵਾਰ ਗੁਜਰਾਤ 'ਚ ਜਿੱਤ ਦਰਜ ਕੀਤੀ ਹੈ।
ਗੁਜਰਾਤ ਦੇ ਵਿਧਾਇਕ ਕਿੰਨੇ ਅਮੀਰ ?
ਇਨ੍ਹਾਂ 151 ਕਰੋੜਪਤੀ ਵਿਧਾਇਕਾਂ 'ਚੋਂ 73 ਵਿਧਾਇਕਾਂ ਕੋਲ 5 ਕਰੋੜ ਰੁਪਏ ਤੋਂ ਵੱਧ ਅਤੇ 73 ਵਿਧਾਇਕਾਂ ਕੋਲ 2 ਕਰੋੜ ਤੋਂ 5 ਕਰੋੜ ਰੁਪਏ ਦੀ ਜਾਇਦਾਦ ਹੈ। ਗੁਜਰਾਤ ਵਿੱਚ ਜੇਤੂ ਉਮੀਦਵਾਰ ਦੀ ਔਸਤ ਜਾਇਦਾਦ ਹੁਣ 16.41 ਕਰੋੜ ਰੁਪਏ ਹੈ, ਜੋ ਕਿ 2017 ਦੇ 8.46 ਕਰੋੜ ਰੁਪਏ ਦੇ ਅੰਕੜੇ ਤੋਂ ਲਗਭਗ ਦੁੱਗਣੀ ਹੈ।
ਅਧਿਐਨ ਮੁਤਾਬਕ ਭਾਜਪਾ ਦੇ ਮਨਸਾ ਤੋਂ ਵਿਧਾਇਕ ਜੇਐਸ ਪਟੇਲ 661 ਕਰੋੜ ਰੁਪਏ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਵਿਧਾਇਕ ਹਨ। ਇਸ ਤੋਂ ਬਾਅਦ ਸਿੱਧਪੁਰ ਤੋਂ ਭਾਜਪਾ ਦੇ ਵਿਧਾਇਕ ਬਲਵੰਤ ਸਿੰਘ ਰਾਜਪੂਤ (372 ਕਰੋੜ ਰੁਪਏ) ਦੂਜੇ ਸਥਾਨ 'ਤੇ ਹਨ, ਜਦਕਿ ਭਾਜਪਾ ਦੇ ਰਾਜਕੋਟ ਦੱਖਣੀ ਸੀਟ ਤੋਂ ਵਿਧਾਇਕ ਰਮੇਸ਼ ਟਿਲਾਲਾ (175 ਕਰੋੜ ਰੁਪਏ) ਤੀਜੇ ਸਥਾਨ 'ਤੇ ਹਨ।
ਕੀ ਹੈ ADR ਰਿਪੋਰਟ ?
ਏਡੀਆਰ ਦੁਆਰਾ ਕਰਵਾਏ ਗਏ ਅਧਿਐਨ ਅਨੁਸਾਰ 74 ਵਿਧਾਇਕ ਦੁਬਾਰਾ ਚੁਣੇ ਗਏ ਅਤੇ ਉਨ੍ਹਾਂ ਦੀ ਜਾਇਦਾਦ ਵਿੱਚ ਔਸਤਨ 2.61 ਕਰੋੜ ਰੁਪਏ ਦਾ ਵਾਧਾ ਹੋਇਆ, ਜੋ ਕਿ 2017 ਦੇ ਮੁਕਾਬਲੇ 40 ਪ੍ਰਤੀਸ਼ਤ ਵੱਧ ਹੈ। ਏਡੀਆਰ ਚੋਣ ਸੁਧਾਰਾਂ ਲਈ ਕੰਮ ਕਰਦਾ ਹੈ ਅਤੇ ਵਿਧਾਇਕਾਂ ਦੇ ਸਵੈ-ਹਲਫਨਾਮਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਅਜਿਹੀਆਂ ਰਿਪੋਰਟਾਂ ਤਿਆਰ ਕਰਦਾ ਹੈ।
ਗੁਜਰਾਤ ਦੇ ਚੁਣੇ ਹੋਏ ਵਿਧਾਇਕ ਕਿੰਨੇ ਪੜ੍ਹੇ ਲਿਖੇ ਹਨ ?
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਚੁਣੇ ਗਏ 6 ਵਿਧਾਇਕ ਪੀ.ਐੱਚ.ਡੀ., 19 ਵਿਧਾਇਕ ਪੋਸਟ ਗ੍ਰੈਜੂਏਟ, 24 ਗ੍ਰੈਜੂਏਟ, ਛੇ ਡਿਪਲੋਮਾ ਹੋਲਡਰ, 86 ਵਿਧਾਇਕ ਪੰਜਵੀਂ ਤੋਂ 12ਵੀਂ ਜਮਾਤ ਤੱਕ ਪੜ੍ਹੇ ਹਨ, ਜਦਕਿ ਸੱਤ ਵਿਧਾਇਕਾਂ ਨੇ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਐਲਾਨਿਆ ਹੈ। ਉਮਰ ਦੇ ਲਿਹਾਜ਼ ਨਾਲ ਦੋ ਵਿਧਾਇਕਾਂ ਦੀ ਉਮਰ 29 ਸਾਲ ਹੈ ਜਦਕਿ ਦੋ ਦੀ ਉਮਰ 75 ਸਾਲ ਹੈ।