Gurpatwant Singh Pannun: ਹੁਣ ਦਿੱਲੀ ਤੱਕ ਪਹੁੰਚ ਗਏ ਖਾਲਿਸਤਾਨੀ, ਪੰਨੂ ਨੇ ਰਾਤੋ-ਰਾਤ ਕਰਵਾਇਆ ਇਹ ਕਾਰਾ
Pannun: ਖਾਲਿਸਤਾਨੀ ਪੰਨੂ ਨੇ ਦਿੱਲੀ ਦੇ ISBT ਇਲਾਕੇ 'ਚ ਫਲਾਈਓਵਰ ਦੀਆਂ ਕੰਧਾਂ 'ਤੇ ਤੇ ਕੁਝ ਹੋਰ ਥਾਵਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਵਾਏ ਹਨ।
Gurpatwant Singh Pannun: ਅਮਰੀਕਾ ਵਿੱਚ ਮੌਜੂਦ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖ ਫਾਰ ਜਸਟਿਸ’ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਲੀ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਚੁਣੌਤੀ ਦਿੱਤੀ ਹੈ। ਖਾਲਿਸਤਾਨੀ ਪੰਨੂ ਨੇ ਦਿੱਲੀ ਦੇ ISBT ਇਲਾਕੇ 'ਚ ਫਲਾਈਓਵਰ ਦੀਆਂ ਕੰਧਾਂ 'ਤੇ ਤੇ ਕੁਝ ਹੋਰ ਥਾਵਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਵਾਏ ਹਨ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਮਾਮਲਾ ਭਖਣ ਮਗਰੋਂ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਹੋ ਗਿਆ ਹੈ। ਉਹ ਲਗਾਤਾਰ ਪੰਜਾਬ ਵਿੱਚ ਖਾਲਿਸਤਾਨੀ ਨਾਅਰੇ ਲਿਖਵਾਉਣ ਦੀਆਂ ਕਾਰਵਾਈਆਂ ਕਰ ਰਿਹਾ ਹੈ। ਹੁਣ ਉਸ ਨੇ ਦਿੱਲੀ ਨੂੰ ਨਿਸ਼ਾਨਾ ਬਣਾਇਆ ਹੈ। ਉਧਰ, ਭਾਰਤੀ ਏਜੰਸੀਆਂ ਵੀ ਉਸ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੀਆਂ ਹਨ। ਇਹੀ ਕਾਰਨ ਹੈ ਕਿ ਇਸ ਪੂਰੀ ਘਟਨਾ ਦਾ ਵੀਡੀਓ ਜਾਰੀ ਹੁੰਦੇ ਹੀ ਦਿੱਲੀ ਪੁਲਿਸ ਸਰਗਰਮ ਹੋ ਗਈ। ਪੁਲਿਸ ਨੇ ਸਾਰੇ ਨਾਅਰੇ ਤੁਰੰਤ ਮਿਟਾ ਦਿੱਤੇ।
ਦਰਅਸਲ ਇਹ ਪਹਿਲੀ ਵਾਰ ਨਹੀਂ ਜਦੋਂ ਪੰਨੂ ਨੇ ਅਜਿਹੀ ਹਰਕਤ ਕੀਤੀ ਹੈ। ਪੰਨੂ ਨੇ 15 ਅਗਸਤ ਨੂੰ ਦਿੱਲੀ ਤੇ ਜੀ-20 ਤੋਂ ਪਹਿਲਾਂ ਭਾਰਤ ਵਿਰੋਧੀ ਨਾਅਰੇ ਲਿਖੇ ਸਨ। ਦੋਵਾਂ ਮਾਮਲਿਆਂ ਦਾ ਖੁਲਾਸਾ ਸਪੈਸ਼ਲ ਸੈੱਲ ਨੇ ਕੀਤਾ ਹੈ। ਇਨ੍ਹਾਂ ਮਾਮਲਿਆਂ 'ਚ ਪੁਲਿਸ ਨੇ ਕੁਝ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਸੀ।
ਉੱਤਰੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਉੱਤਰੀ-ਪੂਰਬੀ ਦਿੱਲੀ ਨੂੰ ਉੱਤਰੀ ਦਿੱਲੀ ਨਾਲ ਜੋੜਨ ਵਾਲੇ ਫਲਾਈਓਵਰ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਹਨ। ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਤੇ ਹੁਣ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਖਾਲਿਸਤਾਨੀ ਪੰਨੂ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਜਿਸ ਤਰ੍ਹਾਂ ਉਸ ਦੇ ਕਾਰਕੁੰਨ ਰਾਜਧਾਨੀ ਵਿੱਚ ਸਰਗਰਮ ਹਨ, ਉਹ ਵੱਡੀ ਚਿੰਤਾ ਦਾ ਵਿਸ਼ਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਵੀਡੀਓ 'ਚ ਖਾਲਿਸਤਾਨੀ ਪੰਨੂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਦਿੱਲੀ ਬਣੇਗੀ ਖਾਲਿਸਤਾਨ।' ਉਹ ਇਹ ਵੀ ਦਾਅਵਾ ਕਰਦਾ ਹੈ ਕਿ ਕੈਨੇਡਾ ਤੋਂ ਖਾਲਿਸਤਾਨ ਪੱਖੀ ਤੱਤ ਆਪਣੇ ਮਕਸਦ ਦੀ ਪੂਰਤੀ ਲਈ ਦਿੱਲੀ ਪਹੁੰਚ ਗਏ ਹਨ। ਪੰਨੂ ਨੇ ਕਿਹਾ ਹੈ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਸੀਂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਜ਼ਿੰਮੇਵਾਰ ਹੋ ਤੇ ਸਿੱਖ ਫਾਰ ਜਸਟਿਸ ਇਸ ਕਤਲ ਦਾ ਬਦਲਾ ਲਵੇਗੀ। ਸਾਡਾ ਨਿਸ਼ਾਨਾ ਅਹਿਮਦਾਬਾਦ ਵਿੱਚ 6 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਆਈਸੀਸੀ ਵਿਸ਼ਵ ਕੱਪ ਹੈ।
ਪੰਨੂ ਦਾ ਇਹ ਵੀਡੀਓ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਭਾਰਤ ਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਦਾ ਕਾਰਨ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦਾ ਕਤਲ ਹੈ। ਨਿੱਝਰ ਦਾ ਕੈਨੇਡਾ ਵਿੱਚ 18 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ। ਹੁਣ ਕੈਨੇਡਾ ਦਾ ਕਹਿਣਾ ਹੈ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਹਨ। ਭਾਰਤ ਨੇ ਇਨ੍ਹਾਂ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ ਤੇ ਕੈਨੇਡਾ ਨੂੰ ਸਬੂਤ ਪੇਸ਼ ਕਰਨ ਲਈ ਵੀ ਕਿਹਾ ਹੈ।