Lok Sabha Elections 2024: 'ਆਪ' ਨੇ ਕੈਥਲ 'ਚ ਰੈਲੀ ਲਈ ਮੰਗੀ ਇਜਾਜ਼ਤ ਜਵਾਬ 'ਚ ਮਿਲੀਆਂ ਗਾਲ੍ਹਾਂ', ਸੁਸ਼ੀਲ ਗੁਪਤਾ ਨੇ ਲਾਏ ਇਹ ਵੱਡੇ ਦੋਸ਼
Haryana Lok Sabha Elections 2024: ਕੈਥਲ ਵਿੱਚ 2 ਚੋਣ ਪ੍ਰੋਗਰਾਮ ਆਯੋਜਿਤ ਕਰਨ ਲਈ ਆਮ ਆਦਮੀ ਪਾਰਟੀ ਨੇ ਇਜਾਜ਼ਤ ਮੰਗੀ ਗਈ ਸੀ। ਜਿਸ ਦੇ ਜਵਾਬ ਵਿੱਚ ਦਰਖਾਸਤ ਰੱਦ ਕਰਦਿਆਂ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ।
ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਦੋ ਚੋਣ ਪ੍ਰੋਗਰਾਮਾਂ ਲਈ ਸਬੰਧਤ ਅਧਿਕਾਰੀਆਂ ਤੋਂ ਇਜਾਜ਼ਤ ਮੰਗਣ ਵਾਲੀ ਉਨ੍ਹਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਜਵਾਬ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਉਪ ਮੰਡਲ ਮੈਜਿਸਟ੍ਰੇਟ-ਕਮ-ਸਹਾਇਕ ਚੋਣ ਅਫ਼ਸਰ ਬ੍ਰਹਮ ਪ੍ਰਕਾਸ਼, ਕੈਥਲ, ਹਰਿਆਣਾ ਨੇ ਪੰਜ ਕੰਪਿਊਟਰ ਆਪਰੇਟਰਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੁਸ਼ੀਲ ਗੁਪਤਾ ਨੇ ਇਹ ਦੋਸ਼ ਲਾਏ
ਕੁਰੂਕਸ਼ੇਤਰ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ 'ਆਪ' ਦੀ ਹਰਿਆਣਾ ਇਕਾਈ ਦੇ ਮੁਖੀ ਸੁਸ਼ੀਲ ਗੁਪਤਾ ਨੇ ਕਿਹਾ ਕਿ ਪਾਰਟੀ ਨੇ 7 ਅਪ੍ਰੈਲ ਨੂੰ ਦੋ ਚੋਣ ਪ੍ਰੋਗਰਾਮਾਂ ਦੀ ਇਜਾਜ਼ਤ ਮੰਗੀ ਸੀ। ਕੁਰੂਕਸ਼ੇਤਰ ਸੀਟ ਤੋਂ ਉਮੀਦਵਾਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਸਾਨੂੰ ਮਿਲੇ ਜਵਾਬ ਵਿੱਚ ਲਿਖਿਆ ਗਿਆ ਸੀ ਕਿ ਇਜਾਜ਼ਤ ਰੱਦ ਕਰ ਦਿੱਤੀ ਗਈ ਹੈ। ਇਕ ਹੋਰ ਚਿੱਠੀ ਵਿਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਸੁਸ਼ੀਲ ਗੁਪਤਾ ਇੰਡੀਆ ਗਠਜੋੜ ਦੇ ਉਮੀਦਵਾਰ ਵਜੋਂ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਇੰਡੀਆ ਅਲਾਇੰਸ ਦੇ ਤਹਿਤ ਆਮ ਆਦਮੀ ਪਾਰਟੀ ਹਰਿਆਣਾ ਦੀ ਇੱਕ ਸੀਟ 'ਤੇ ਅਤੇ ਕਾਂਗਰਸ 9 ਸੀਟਾਂ 'ਤੇ ਚੋਣ ਲੜ ਰਹੀ ਹੈ।
'ਭਾਰਤੀ ਚੋਣ ਕਮਿਸ਼ਨ ਦਾ ਨਿਰਪੱਖ ਹੋਣਾ ਬਹੁਤ ਜ਼ਰੂਰੀ'
ਇਸ ਦੇ ਨਾਲ ਹੀ 'ਆਪ' ਹਰਿਆਣਾ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕੀਤਾ ਗਿਆ ਕਿ ਨਿਰਪੱਖ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਦਾ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ। ਚੋਣ ਕਮਿਸ਼ਨ ਵੱਲੋਂ ਨਾ ਸਿਰਫ਼ ਸਾਡੇ ਪ੍ਰੋਗਰਾਮ ਦੀ ਇਜਾਜ਼ਤ ਰੱਦ ਕਰ ਦਿੱਤੀ ਗਈ ਸੀ ਸਗੋਂ ਉਸ 'ਤੇ ਅਸ਼ਲੀਲ ਗਾਲ੍ਹਾਂ ਵੀ ਲਿਖੀਆਂ ਗਈਆਂ ਸਨ। ਇਸ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਪੋਸਟ ਵਿੱਚ ਅੱਗੇ ਲਿਖਿਆ ਗਿਆ ਕਿ ਚੋਣ ਕਮਿਸ਼ਨ ਦੀ ਮੇਲ ਆਉਣ ਤੋਂ ਪਹਿਲਾਂ ਭਾਜਪਾ ਨੂੰ ਦਿੱਲੀ ਵਿੱਚ ਆਤਿਸ਼ੀ ਬਾਰੇ ਕਿਵੇਂ ਪਤਾ ਲੱਗਾ? ਸਵਾਲ ਇਹ ਹੈ ਕਿ ਕੀ ਚੋਣ ਕਮਿਸ਼ਨ ਦਾ ਦਫ਼ਤਰ ਭਾਜਪਾ ਦੇ ਆਈ.ਟੀ.-ਸੈੱਲ ਦੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ? ਜੇ ਚੋਣ ਕਮਿਸ਼ਨ ਦੀ ਵੈੱਬਸਾਈਟ ਇੰਨੀ ਅਸੁਰੱਖਿਅਤ ਹੈ ਕਿ ਉਹ ਹੈਕ ਹੋ ਜਾਂਦੀ ਹੈ, ਤਾਂ ਕੱਲ੍ਹ ਦੇ ਚੋਣ ਨਤੀਜੇ ਅਤੇ ਈਵੀਐਮ ਵੀ ਹੈਕ ਹੋ ਸਕਦੇ ਹਨ। ਜੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਚੋਣ ਕਮਿਸ਼ਨ 'ਤੇ ਭਰੋਸਾ ਕਰਨਾ ਔਖਾ ਹੋ ਜਾਵੇਗਾ।