ਭਾਰਤ-ਪਾਕਿ ਤਣਾਅ ਵਿਚਾਲੇ ਉੱਤਰਕਾਸ਼ੀ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 6 ਯਾਤਰੀਆਂ ਦੀ ਮੌਤ ਤੇ ਇੱਕ ਜ਼ਖਮੀ, ਹੇਲੀ ਸੇਵਾ 'ਤੇ ਲੱਗੀ ਰੋਕ
ਉੱਤਰਾਕਾਸ਼ੀ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿੱਥੇ ਸਵੇਰੇ ਦੇਹਰਾਦੂਨ ਦੇ ਸਹਸਤ੍ਰਧਾਰਾ ਤੋਂ ਉੱਡਿਆ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਹਾਦਸੇ ਵੇਲੇ ਹੈਲੀਕਾਪਟਰ 'ਚ 7 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਚੁੱਕੀ ਹੈ..

ਉੱਤਰਾਕਾਸ਼ੀ ਦੇ ਗੰਗਨਾਨੀ 'ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ। ਦੇਹਰਾਦੂਨ ਦੇ ਸਹਸਤ੍ਰਧਾਰਾ ਤੋਂ ਉੱਡਿਆ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਹਾਦਸੇ ਵੇਲੇ ਹੈਲੀਕਾਪਟਰ 'ਚ 7 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਰੈਸਕਿਊ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ।ਦੱਸਿਆ ਗਿਆ ਹੈ ਕਿ ਖਰਸਾਲੀ ਤੋਂ ਹਰਸ਼ਿਲ ਜਾਂਦੇ ਸਮੇਂ ਏਅਰੋਟਰਾਂਸ ਕੰਪਨੀ ਦਾ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ।
6 ਲੋਕਾਂ ਦੀ ਹੋਈ ਮੌਤ
ਮਿਲੀ ਜਾਣਕਾਰੀ ਅਨੁਸਾਰ ਗੁਪਤਕਾਸ਼ੀ, ਸਿਰਸੀ ਅਤੇ ਫਾਟਾ ਤੋਂ ਕੇਦਾਰਨਾਥ ਲਈ ਚੱਲ ਰਹੀ ਹੈਲੀਕਾਪਟਰ ਸੇਵਾ ਨੂੰ ਰੋਕ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰਕਾਸ਼ੀ ਦੇ ਗੰਗਨਾਨੀ ਤੋਂ ਅੱਗੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 1 ਵਿਅਕਤੀ ਜ਼ਖ਼ਮੀ ਹੋਇਆ ਹੈ। ਹਾਦਸੇ ਤੋਂ ਤੁਰੰਤ ਬਾਅਦ ਹੇਲੀ ਸੇਵਾ 'ਤੇ ਰੋਕ ਲਾਈ ਗਈ। ਯੂਕਾਡਾ ਦੇ ਅਪਰ ਕਾਰਜਕਾਰੀ ਅਧਿਕਾਰੀ ਦਯਾਨੰਦ ਸਰਸਵਤੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ।
ਦੱਸਣਯੋਗ ਹੈ ਕਿ ਏਅਰੋਟਰਾਂਸ ਕੰਪਨੀ ਦੇ ਹੈਲੀਕਾਪਟਰ ਨੇ ਅੱਜ ਸਵੇਰੇ ਸਹਸਤ੍ਰਧਾਰਾ ਹੇਲੀਪੈਡ ਤੋਂ ਹਰਸ਼ਿਲ ਵੱਲ ਉਡਾਣ ਭਰੀ ਸੀ। ਪਰ ਜਿਵੇਂ ਹੀ ਹੈਲੀਕਾਪਟਰ ਗੰਗੋਤਰੀ ਰਾਸ਼ਟਰੀ ਹਾਈਵੇ 'ਤੇ ਗੰਗਨਾਨੀ ਦੇ ਨੇੜੇ ਪਹੁੰਚਿਆ, ਇਹ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਤੋਂ ਬਾਅਦ ਕੇਦਾਰਨਾਥ ਹੇਲੀ ਸੇਵਾ 'ਤੇ ਰੋਕ ਲਾ ਦਿੱਤੀ ਗਈ ਹੈ, ਜਿਸ ਕਰਕੇ ਕਈ ਯਾਤਰੀ ਹੁਣ ਪੈਦਲ ਹੀ ਯਾਤਰਾ 'ਤੇ ਨਿਕਲ ਪਏ ਹਨ।
ਹੈਲੀਕਾਪਟਰ ਹਾਦਸੇ 'ਤੇ ਮੁੱਖ ਮੰਤਰੀ ਨੇ ਕੀਤਾ ਦੁੱਖ ਪ੍ਰਗਟ
ਹੈਲੀਕਾਪਟਰ ਕਰੈਸ਼ ਦੀ ਘਟਨਾ 'ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਗਹਿਰੀ ਸ਼ੋਕ ਜਤਾਇਆ ਹੈ। ਉਨ੍ਹਾਂ ਲਿਖਿਆ ਕਿ "ਉੱਤਰਾਕਾਸ਼ੀ ਦੇ ਗੰਗਨਾਨੀ ਨੇੜੇ ਹੈਲੀਕਾਪਟਰ ਕਰੈਸ਼ ਵਿੱਚ ਕੁਝ ਲੋਕਾਂ ਦੀ ਮੌਤ ਦੀ ਬਹੁਤ ਹੀ ਦੁੱਖਦਾਈ ਖ਼ਬਰ ਮਿਲੀ ਹੈ।"
ਉਨ੍ਹਾਂ ਦੱਸਿਆ ਕਿ ਰਾਹਤ ਤੇ ਬਚਾਅ ਕਾਰਜ ਲਈ SDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਘਟਨਾਸਥਲ 'ਤੇ ਭੇਜੀਆਂ ਗਈਆਂ ਹਨ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀਆਂ ਆਤਮਾਵਾਂ ਨੂੰ ਚਰਨਾਂ 'ਚ ਥਾਂ ਮਿਲੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਹ ਗਹਿਰਾ ਦੁੱਖ ਸਹਿਣ ਦੀ ਸ਼ਕਤੀ ਮਿਲੇ।
ਉਨ੍ਹਾਂ ਐਲਾਨ ਕੀਤਾ ਕਿ ਜ਼ਖ਼ਮੀਆਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਅਤੇ ਹਾਦਸੇ ਦੀ ਜਾਂਚ ਲਈ ਹੁਕਮ ਦਿੱਤੇ ਗਏ ਹਨ। ਉਨ੍ਹਾਂ ਆਖਿਰ 'ਚ ਕਿਹਾ ਕਿ ਉਹ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹਨ ਅਤੇ ਹਰ ਪਸੇ ਨਿਗਰਾਨੀ ਰੱਖੀ ਜਾ ਰਹੀ ਹੈ।






















