ਲਖੀਮਪੁਰ ਖੀਰੀ ਹਿੰਸਾ: ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ 'ਤੇ ਫਸ ਗਈ ਮੋਦੀ ਸਰਕਾਰ
ਭਾਜਪਾ ਹਾਈਕਮਾਂਡ ਵੀ ਉਨ੍ਹਾਂ ਦੇ ਵਤੀਰੇ ਤੋਂ ਨਾਰਾਜ਼ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟੈਨੀ ਨੂੰ ਦਿੱਲੀ ਤਲਬ ਕੀਤਾ ਗਿਆ ਹੈ।
ਨਵੀਂ ਦਿੱਲੀ: ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਨੂੰ ਲੈ ਕੇ ਮੋਦੀ ਸਰਕਾਰ ਮੁੜ ਕਸੂਤੀ ਘਿਰ ਗਈ ਹੈ। ਇੱਕ ਪਾਸੇ ਕਿਸਾਨ ਜਥੇਬੰਦੀਆਂ ਦਬਾਅ ਪਾ ਰਹੀਆਂ ਹਨ ਤੇ ਦੂਜੇ ਪਾਸੇ ਸੰਸਦ ਵਿੱਚ ਵਿਰੋਧੀ ਸਿਆਸੀ ਧਿਰਾਂ ਡਟ ਗਈਆਂ ਹਨ।
ਅੱਜ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਨੂੰ ਲੈ ਕਾਂਗਰਸ ਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨੂੰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਰਾਜ ਸਭਾ ’ਚ 12 ਮੈਂਬਰਾਂ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ।
ਉਧਰ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੇ ਬੀਤੇ ਦਿਨ ਸੱਤਾ ਦੇ ਨਸ਼ੇ ਵਿੱਚ ਮੀਡੀਆ ਨਾਲ ਬੁਰਾ ਵਿਹਾਰ ਕੀਤਾ ਸੀ। ਭਾਜਪਾ ਹਾਈਕਮਾਂਡ ਵੀ ਉਨ੍ਹਾਂ ਦੇ ਵਤੀਰੇ ਤੋਂ ਨਾਰਾਜ਼ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟੈਨੀ ਨੂੰ ਦਿੱਲੀ ਤਲਬ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਪਾਰਟੀ ਦੇ ਵੱਡੇ ਆਗੂ ਨੇ ਟੈਨੀ ਨੂੰ ਫੋਨ ਕਰਕੇ ਸਖ਼ਤ ਤਾੜਨਾ ਕੀਤੀ ਹੈ। ਉੱਤਰ ਪ੍ਰਦੇਸ਼ ਚੋਣਾਂ ਵਿੱਚ ਇਹ ਵੱਡਾ ਮੁੱਦਾ ਬਣ ਗਿਆ ਹੈ। ਅਜਿਹੇ 'ਚ ਪਾਰਟੀ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਨੇਤਾਵਾਂ ਕਾਰਨ ਕਿਸੇ ਤਰ੍ਹਾਂ ਦਾ ਵਿਵਾਦ ਖੜ੍ਹਾ ਹੋਵੇ।
ਦੱਸ ਦਈਏ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੈਨੀ ਨੇ ਬੁੱਧਵਾਰ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸੋਚੀ-ਸਮਝੀ ਸਾਜਿਸ਼ ਤਹਿਤ ਕਿਸਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਲਜ਼ਾਮਾਂ ਦੇ ਘੇਰੇ 'ਚ ਆਉਣ ਮਗਰੋਂ ਟੇਨੀ ਹੁਣ 'ਗੁੰਡਾਗਰਦੀ' 'ਤੇ ਉੱਤਰ ਆਏ। 'ਏਬੀਪੀ ਨਿਊਜ਼' ਦੇ ਪੱਤਰਕਾਰ ਨਵੀਨ ਨੇ ਜਦੋਂ ਮੰਤਰੀ ਨੂੰ SIT ਦੀ ਜਾਂਚ ਬਾਰੇ ਸਵਾਲ ਪੁੱਛਿਆ ਤਾਂ ਉਹ ਭੜਕ ਗਏ। ਉਹ ਪੱਤਰਕਾਰ ਨਾਲ ਮਾੜਾ ਵਿਹਾਰ ਕਰਨ ਲੱਗੇ।
ਉਨ੍ਹਾਂ ਨੇ ਏਬੀਪੀ ਨਿਊਜ਼ ਦੇ ਰਿਪੋਰਟਰ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਇੱਕ ਹੋਰ ਪੱਤਰਕਾਰ ਨੇ ਵੀ ਮੋਬਾਈਲ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਮਿਸ਼ਰਾ ਟੈਨੀ ਨੇ ਏਬੀਪੀ ਨਿਊਜ਼ ਦੇ ਸਥਾਨਕ ਪੱਤਰਕਾਰ ਨਾਲ ਉਸ ਦੇ ਬੇਟੇ 'ਤੇ ਲੱਗੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਦੁਰਵਿਵਹਾਰ ਕੀਤਾ। ਟੈਨੀ ਨੇ ਕਿਹਾ, 'ਮੂਰਖਤਾ ਵਾਲੇ ਸਵਾਲ ਨਾ ਪੁੱਛੋ, ਤੇਰਾ ਦਿਮਾਗ ਖਰਾਬ ਹੈ?' ਇਸ ਤੋਂ ਬਾਅਦ ਮੋਬਾਈਲ ਬੰਦ ਕਰਵਾ ਦਿੱਤਾ।
ਇਹ ਵੀ ਪੜ੍ਹੋ : Delhi ਦੇ ਬੰਗਲਾ ਸਾਹਿਬ ਗੁਰਦੁਆਰੇ 'ਚ Ranbir Kapoor ਨਹੀਂ, ਬਲਕਿ ਇਸ ਸ਼ਖ਼ਸ ਨਾਲ ਮੱਥਾ ਟੇਕਣ ਪਹੁੰਚੀ Alia Bhatt
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin