Delhi Exit Poll: ਦਿੱਲੀ 'ਚ 27 ਸਾਲ ਬਾਅਦ ਬੀਜੇਪੀ ਦੀ ਵਾਪਸੀ? 11 'ਚੋਂ 9 ਐਗਜ਼ਿਟ ਪੋਲ ਦਾ ਦਾਅਵਾ
Delhi Exit Poll Results 2025: ਦਿੱਲੀ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਜ਼ਿਆਦਤਰ ਐਗਜ਼ਿਟ ਪੋਲ ਦਿੱਲੀ ਵਿੱਚ ਬੀਜੇਪੀ ਦੀ ਸਰਕਾਰ ਬਣਾ ਰਹੇ ਹਨ। ਬੁੱਧਵਾਰ ਸ਼ਾਮ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ 11 ਐਗਜ਼ਿਟ ਪੋਲ ਜਾਰੀ ਕੀਤੇ ਗਏ।
Delhi Exit Poll Results 2025: ਦਿੱਲੀ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਜ਼ਿਆਦਤਰ ਐਗਜ਼ਿਟ ਪੋਲ ਦਿੱਲੀ ਵਿੱਚ ਬੀਜੇਪੀ ਦੀ ਸਰਕਾਰ ਬਣਾ ਰਹੇ ਹਨ। ਬੁੱਧਵਾਰ ਸ਼ਾਮ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ 11 ਐਗਜ਼ਿਟ ਪੋਲ ਜਾਰੀ ਕੀਤੇ ਗਏ। ਇਨ੍ਹਾਂ ਵਿੱਚੋਂ ਨੌਂ ਐਗਜ਼ਿਟ ਪੋਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਨੂੰ ਬਹੁਮਤ ਮਿਲੇਗਾ ਜਦੋਂ ਕਿ ਦੋ ਐਗਜ਼ਿਟ ਪੋਲ ਵਿੱਚ ਉਮੀਦ ਜਤਾਈ ਗਈ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਬਣਾਏਗੀ।
ਪੋਲ ਆਫ਼ ਪੋਲਜ਼ ਵਿੱਚ ਭਾਜਪਾ ਨੂੰ 39 ਸੀਟਾਂ, 'ਆਪ' ਨੂੰ 30 ਤੇ ਕਾਂਗਰਸ ਨੂੰ ਇੱਕ ਸੀਟ ਮਿਲਦੀ ਦਿਖਾਈ ਦੇ ਰਹੀ ਹੈ। JVC ਤੇ ਪੋਲ ਡਾਇਰੀ ਦੇ ਐਗਜ਼ਿਟ ਪੋਲ ਵਿੱਚ ਹੋਰਾਂ ਨੂੰ ਵੀ 1-1 ਸੀਟ ਮਿਲਣ ਦੀ ਉਮੀਦ ਹੈ। ਜੇਕਰ ਭਾਜਪਾ ਨੂੰ ਬਹੁਮਤ ਮਿਲਦਾ ਹੈ ਤਾਂ ਇਹ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਵੇਗੀ। ਇਸ ਤੋਂ ਪਹਿਲਾਂ 1993 ਵਿੱਚ ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ ਤੇ 5 ਸਾਲਾਂ ਵਿੱਚ 3 ਮੁੱਖ ਮੰਤਰੀ ਬਣਾਏ ਸਨ। ਇਨ੍ਹਾਂ ਵਿੱਚ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਤੇ ਸੁਸ਼ਮਾ ਸਵਰਾਜ ਨੇ ਦਿੱਲੀ ਦੀ ਕਮਾਨ ਸੰਭਾਲੀ ਸੀ।
ਇਸ ਵੇਲੇ ਤਿੰਨਾਂ ਆਗੂਆਂ ਦੇ ਪੁੱਤਰ ਤੇ ਧੀਆਂ ਦਿੱਲੀ ਦੀ ਰਾਜਨੀਤੀ ਵਿੱਚ ਸਰਗਰਮ ਹਨ। ਖੁਰਾਨਾ ਦੇ ਪੁੱਤਰ ਹਰੀਸ਼ ਖੁਰਾਨਾ ਨੇ ਮੋਤੀ ਨਗਰ ਤੋਂ ਚੋਣ ਲੜੀ ਹੈ, ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਨੇ ਨਵੀਂ ਦਿੱਲੀ ਤੋਂ ਚੋਣ ਲੜੀ ਹੈ ਤੇ ਸੁਸ਼ਮਾ ਸਵਰਾਜ ਦੀ ਬੇਟੀ ਬਾਂਸਰੀ ਸਵਰਾਜ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਹੈ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਬੁੱਧਵਾਰ ਨੂੰ 58.06% ਵੋਟਿੰਗ ਹੋਈ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਸਰਕਾਰ ਬਣਾਉਣ ਲਈ 36 ਸੀਟਾਂ ਦੀ ਲੋੜ ਹੈ।
ਉਧਰ, 'ਆਪ' ਨੇਤਾ ਸੋਮਨਾਥ ਭਾਰਤੀ ਨੇ ਕਿਹਾ ਕਿ ਪਿਛਲੀ ਵਾਰ ਕੁਝ ਚੈਨਲਾਂ ਨੇ ਦਿਖਾਇਆ ਸੀ ਕਿ ਭਾਜਪਾ ਨੂੰ 62 ਸੀਟਾਂ ਮਿਲਣਗੀਆਂ ਤੇ 'ਆਪ' ਨੂੰ 8 ਸੀਟਾਂ ਮਿਲਣਗੀਆਂ, ਪਰ ਹੋਇਆ ਬਿਲਕੁਲ ਉਲਟ। ਮੈਨੂੰ ਲੱਗਦਾ ਹੈ ਕਿ ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਜੇਕਰ ਅਸੀਂ ਪਿਛਲੀ ਵਾਰ ਦਾ ਰਿਕਾਰਡ ਤੋੜ ਦਿੰਦੇ ਹਾਂ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।
ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਐਗਜ਼ਿਟ ਪੋਲ ਦੇ ਅਨੁਸਾਰ, ਭਾਜਪਾ ਸਰਕਾਰ ਬਣਾ ਸਕਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ 'ਆਪ' ਨੂੰ ਘੱਟ ਸਮਝਿਆ ਹੈ। ਉਨ੍ਹਾਂ ਨੇ 'ਆਪ' ਨੂੰ ਬਹੁਤ ਕਮਜ਼ੋਰ ਪੇਸ਼ ਕੀਤਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਹਾਲਤ ਇੰਨੀ ਮਾੜੀ ਹੋਵੇਗੀ।
ਇਸ ਦੇ ਨਾਲ ਹੀ ਭਾਜਪਾ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਭਾਜਪਾ ਦਿੱਲੀ ਵਿੱਚ ਸਰਕਾਰ ਬਣਾਏਗੀ। ਸਾਰੇ ਐਗਜ਼ਿਟ ਪੋਲ ਸੰਕੇਤ ਦੇ ਰਹੇ ਹਨ ਕਿ ਭਾਜਪਾ ਸਰਕਾਰ ਬਣਾਏਗੀ। ਅਸੀਂ ਅਰਵਿੰਦ ਕੇਜਰੀਵਾਲ ਤੇ ਉਸ ਦੀ ਭ੍ਰਿਸ਼ਟ ਸਰਕਾਰ ਨੂੰ ਹਰਾ ਦਿੱਤਾ ਹੈ।






















