ਸਵੱਪਨ ਦਾਸਗੁਪਤਾ ਦਾ ਰਾਜ ਸਭਾ ਤੋਂ ਅਸਤੀਫ਼ਾ, ਬੀਜੇਪੀ ਵੱਲੋਂ ਟਿਕਟ ਦੇਣ ਮਗਰੋਂ ਉੱਠੇ ਸਵਾਲ
TMC ਦੇ ਦੋਸ਼ਾਂ ਉੱਤੇ ਸਵੱਪਨ ਦਾਸਗੁਪਤਾ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਯਮਾਂ ਬਾਰੇ ਉਨ੍ਹਾਂ ਨੂੰ ਪਤਾ ਹੈ। ਇਹ ਸੁਆਲ ਜੇ ਨਾਮਜ਼ਦਗੀ ਦਾਖ਼ਲ ਕਰਨ ਵੇਲੇ ਉੱਠਦਾ, ਤਾਂ ਇਸ ਵਿੱਚ ਬੋਲਣ ਲਈ ਕੁਝ ਹੁੰਦਾ।
ਕੋਲੋਕਾਤਾ: ਪੱਛਮੀ ਬੰਗਾਲ ’ਚ ਭਾਜਪਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸਵੱਪਨ ਦਾਸਗੁਪਤਾ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਹਾਲੇ ਮਨਜ਼ੂਰ ਨਹੀਂ ਹੋਇਆ। ਤ੍ਰਿਣਮੂਲ ਕਾਂਗਰਸ (TMC) ਨੇ ਸਵੱਪਨ ਦਾਸਗੁਪਤਾ ਦੀ ਉਮੀਦਵਾਰੀ ਉੱਤੇ ਸੁਆਲ ਉਠਾਏ ਸਨ। TMC ਸੰਸਦ ਮੈਂਬਰ ਮਹੁਆ ਮੋਇਤਰਾ ਨੇ ਸੰਵਿਧਾਨ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਦਾਸਗੁਪਤਾ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ।
ਦੋਸ਼ ਲੱਗਣ ਤੋਂ ਬਾਅਦ ਗੁਪਤਾ ਨੇ ਕਿਹਾ ਸੀ ਕਿ ਮੈਂ ਹਾਲੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕੀਤਾ, ਨਾਮਜ਼ਦਗੀ ਤੋਂ ਪਹਿਲਾਂ ਸਾਰੇ ਵਿਵਾਦ ਹੱਲ ਕਰ ਲਏ ਜਾਣਗੇ।
ਮਹੁਆ ਮੋਇਤਰਾ ਨੇ ਟਵੀਟ ਕੀਤਾ, ਸਵੱਪਨ ਦਾਸਗੁਪਤਾ ਪੱਛਮੀ ਬੰਗਾਲ ਚੋਣਾਂ ’ਚ ਭਾਜਪਾ ਉਮੀਦਵਾਰ ਹਨ। ਸੰਵਿਧਾਨ ਦੀ 10ਵੀਂ ਅਨੁਸੂਚੀ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਸਹੁੰ ਚੁੱਕਣ ਦੇ ਛੇ ਮਹੀਨਿਆਂ ਬਾਅਦ ਕਿਸੇ ਵੀ ਸਿਆਸੀ ਪਾਰਟੀ ’ਚ ਸ਼ਾਮਲ ਹੁੰਦਾ ਹੈ, ਤਾਂ ਰਾਜ ਸਭਾ ਮੈਂਬਰ ਨੂੰ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਅਪ੍ਰੈਲ 2016 ’ਚ ਸਹੁੰ ਚੁਕਾਈ ਗਈ ਸੀ। ਭਾਜਪਾ ’ਚ ਸ਼ਾਮਲ ਹੋਣ ਲਈ ਹੁਣ ਅਯੋਗ ਐਲਾਨਿਆ ਜਾਣਾ ਚਾਹੀਦਾ ਹੈ।
TMC ਦੇ ਦੋਸ਼ਾਂ ਉੱਤੇ ਸਵੱਪਨ ਦਾਸਗੁਪਤਾ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਯਮਾਂ ਬਾਰੇ ਉਨ੍ਹਾਂ ਨੂੰ ਪਤਾ ਹੈ। ਇਹ ਸੁਆਲ ਜੇ ਨਾਮਜ਼ਦਗੀ ਦਾਖ਼ਲ ਕਰਨ ਵੇਲੇ ਉੱਠਦਾ, ਤਾਂ ਇਸ ਵਿੱਚ ਬੋਲਣ ਲਈ ਕੁਝ ਹੁੰਦਾ। ਹੁਣ ਜਦੋਂ ਹਾਲੇ ਤੱਕ ਨਾਮਜ਼ਦਗੀ ਦਾਖ਼ਲ ਹੀ ਨਹੀਂ ਕੀਤੀ, ਤਦ ਹੁਣ ਉਹ ਕੋਈ ਟਿੱਪਣੀ ਨਹੀਂ ਕਰਨਗੇ।
ਸਵੱਪਨ ਦਾਸ ਗੁਪਤਾ ਬੰਗਾਲ ਦੀ ਸਿਆਸਤ ਦੇ ਵੱਡੇ ਚਿਹਰਿਆਂ ’ਚ ਸ਼ੁਮਾਰ ਹਨ। ਉਹ ਪੱਤਰਕਾਰ ਵੀ ਹਨ। ਭਾਜਪਾ ਨੇ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਤਾਰਕੇਸ਼ਵਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਨੂੰ ਸਾਲ 2015 ’ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: 'ਜੇ ਕੋਵਿਡ ਕੇਸਾਂ ’ਚ ਵਾਧੇ ਦੇ ਬਾਵਜੂਦ T20 ਮੈਚ ਜਾਰੀ ਰਹੇ, ਤਾਂ ਆਤਮਦਾਹ ਕਰ ਲਵਾਂਗਾ', ਧਮਕੀ ਮਗਰੋਂ FIR ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904