Kisan Andolan 2.0: ਕਿਸਾਨਾਂ ਤੋਂ ਪਹਿਲਾਂ ਹੀ ਦਿੱਲੀ 'ਸੀਲ'! ਬੈਰੀਕੇਡਿੰਗ ਕਰਕੇ ਕਈ-ਕਈ ਕਿਲੋਮੀਟਰ ਲੰਬੇ ਜਾਮ
Kisan Andolan : ਪੁਲਿਸ ਦੀ ਚੈਕਿੰਗ ਤੇ ਬੈਰੀਕੇਡਿੰਗ ਦਰਮਿਆਨ ਟਿੱਕਰੀ ਸਰਹੱਦ 'ਤੇ ਵਾਹਨਾਂ ਦੀਆਂ ਦੋ ਕਿਲੋਮੀਟਰ ਤੋਂ ਵੱਧ ਲੰਬੀਆਂ ਕਤਾਰਾਂ ਲੱਗ ਗਈਆਂ। ਸਰਹੱਦੀ ਇਲਾਕਿਆਂ ਦੀ ਨਿਗਰਾਨੀ ਲਈ ਡ੍ਰੋਨ ਤੇ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
Kisan Andolan 2.0: ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਮਗਰੋਂ ਦਿੱਲੀ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿੰਘੂ, ਟਿੱਕਰੀ ਤੇ ਹੋਰ ਸਰਹੱਦਾਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਸਿੰਘੂ ਬਾਰਡਰ 'ਤੇ ਭਾਰੀ ਬੈਰੀਕੇਡਿੰਗ ਕਰਕੇ ਦਿੱਲੀ ਵੱਲ ਆਉਣ ਵਾਲੇ ਵਾਹਨਾਂ ਦੀ ਰਫਤਾਰ ਸੁਸਤ ਹੋ ਗਈ ਹੈ।
ਪੁਲਿਸ ਦੀ ਚੈਕਿੰਗ ਤੇ ਬੈਰੀਕੇਡਿੰਗ ਦਰਮਿਆਨ ਟਿੱਕਰੀ ਸਰਹੱਦ 'ਤੇ ਵਾਹਨਾਂ ਦੀਆਂ ਦੋ ਕਿਲੋਮੀਟਰ ਤੋਂ ਵੱਧ ਲੰਬੀਆਂ ਕਤਾਰਾਂ ਲੱਗ ਗਈਆਂ। ਸਰਹੱਦੀ ਇਲਾਕਿਆਂ ਦੀ ਨਿਗਰਾਨੀ ਲਈ ਡ੍ਰੋਨ ਤੇ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਸਰਹੱਦ 'ਤੇ ਲੰਮੇ ਜਾਮ ਦੇਖਣ ਨੂੰ ਮਿਲ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਗੁਰੂਗ੍ਰਾਮ-ਦਿੱਲੀ ਨੈਸ਼ਨਲ ਹਾਈਵੇ 'ਤੇ ਸਵੇਰੇ 7 ਵਜੇ ਤੋਂ ਹੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਅਜਿਹਾ ਹੀ ਹਾਲ ਗਾਜ਼ੀਪੁਰ ਬਾਰਡਰ 'ਤੇ ਵੀ ਦੇਖਣ ਨੂੰ ਮਿਲਿਆ। ਇੱਥੇ ਵੀ ਪੁਲਿਸ ਨੇ ਲਿੰਕ ਸੜਕਾਂ ਬੰਦ ਕਰ ਦਿੱਤੀਆਂ ਹਨ। ਵਾਹਨਾਂ ਨੂੰ ਹਾਈਵੇਅ 'ਤੇ ਦੋਵਾਂ ਕੈਰੇਜਵੇਅ 'ਤੇ ਦਿੱਲੀ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਲਈ ਸਿਰਫ ਇੱਕ ਲੇਨ ਦੀ ਇਜਾਜ਼ਤ ਦਿੱਤੀ ਗਈ ਸੀ।
ਰਾਜੋਕਰੀ ਸਰਹੱਦ ਨੇੜੇ ਵੀ ਭਾਰੀ ਜਾਮ ਲੱਗਾ ਹੋਇਆ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜੋ ਘੰਟਿਆਂਬੱਧੀ ਆਪਣੇ ਵਾਹਨਾਂ ਵਿੱਚ ਫਸੇ ਰਹੇ। ਕਿਸਾਨਾਂ ਦੇ ਅੰਦੋਲਨ ਦਾ ਅਸਰ ਦਿੱਲੀ ਮੈਟਰੋ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਲੋਕਾਂ ਲਈ ਤਿੰਨਾਂ ਸਰਹੱਦਾਂ ਵਿੱਚੋਂ ਯੂਪੀ ਗੇਟ ਸਭ ਤੋਂ ਵੱਧ ਜਾਮ ਰਿਹਾ। ਸਰਹੱਦ 'ਤੇ ਲਗਾਏ ਗਏ ਬੈਰੀਕੇਡਾਂ ਨੇ ਪਿਛਲੇ ਕਿਸਾਨ ਅੰਦੋਲਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ।
ਉਂਝ ਹੈਰਾਨੀ ਦੀ ਗੱਲ ਹੈ ਕਿ ਕਿਸਾਨ ਕਿਤੇ ਵੀ ਸਰਹੱਦ ਦੇ ਨੇੜੇ-ਤੇੜੇ ਵੀ ਨਹੀਂ ਪਰ ਯੂਪੀ ਗੇਟ 'ਤੇ ਪੁਲਿਸ ਪ੍ਰਬੰਧਾਂ ਤੇ ਸਖ਼ਤ ਚੈਕਿੰਗ ਕਾਰਨ ਦਿੱਲੀ-ਮੇਰਠ ਐਕਸਪ੍ਰੈਸਵੇਅ ਤੇ NH-9 'ਤੇ 8 ਕਿਲੋਮੀਟਰ ਦਾ ਜਾਮ ਹੈ। ਕੰਕਰੀਟ ਬੈਰੀਕੇਡਾਂ ਦੀਆਂ ਕਈ ਪਰਤਾਂ ਤੋਂ ਇਲਾਵਾ, ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹਾਈਵੇਅ 'ਤੇ ਟਾਇਰ ਕਿਲਰ ਵੀ ਲਗਾਏ। ਪੁਲਿਸ ਨੇ ਬੈਰੀਕੇਡ ਵੀ ਲਾਏ ਹੋਏ ਹਨ ਤਾਂ ਜੋ ਪ੍ਰਦਰਸ਼ਨਕਾਰੀ ਉਨ੍ਹਾਂ ਉਪਰ ਚੜ੍ਹ ਨਾ ਸਕਣ।
ਹਾਸਲ ਜਾਣਕਾਰੀ ਮੁਤਾਬਕ ਸਰਹੱਦ ਤੋਂ ਸਵੇਰੇ 7 ਵਜੇ ਤੱਕ ਵਾਹਨਾਂ ਦੀ ਆਵਾਜਾਈ ਜਾਰੀ ਰਹੀ ਪਰ ਜਦੋਂ ਜ਼ਿਆਦਾ ਲੋਕ ਕੰਮ 'ਤੇ ਜਾਣ ਲੱਗੇ ਤਾਂ ਜਾਮ ਲੱਗ ਗਿਆ। ਪੁਲਿਸ ਨੇ ਯੂਪੀ ਗੇਟ 'ਤੇ ਵਾਧੂ ਬੈਰੀਕੇਡ ਲਾਏ ਹਨ। ਇਸ ਨਾਲ ਇੱਕ ਸਮੇਂ ਵਿੱਚ ਇੱਕ ਵਾਹਨ ਦੇ ਲੰਘਣ ਲਈ ਹੀ ਜਗ੍ਹਾ ਬਚੀ ਸੀ। ਇਸ ਦੇ ਨਾਲ ਹੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਲਈ ਸਵੇਰੇ 8 ਵਜੇ ਦੇ ਕਰੀਬ ਵਾਹਨਾਂ ਦੀ ਕਤਾਰ ਨੋਇਡਾ ਦੇ ਸੈਕਟਰ 62 ਕੱਟ ਤੱਕ 8 ਕਿਲੋਮੀਟਰ ਤੱਕ ਵਧ ਗਈ।
ਹਾਈਵੇਅ ਜਾਮ ਹੋਣ ਕਾਰਨ ਪੁਲਿਸ ਨੇ ਕੌਸ਼ਾਂਬੀ, ਇੰਦਰਾਪੁਰਮ, ਖੋਡਾ ਕਾਲੋਨੀ ਤੇ ਆਨੰਦ ਵਿਹਾਰ ਵਿੱਚ ਵਾਹਨਾਂ ਨੂੰ ਅੰਦਰੂਨੀ ਸੜਕਾਂ ਤੋਂ ਮੋੜ ਦਿੱਤਾ ਪਰ ਇਸ ਨਾਲ ਯਾਤਰੀਆਂ ਲਈ ਸਥਿਤੀ ਆਸਾਨ ਨਹੀਂ ਹੋ ਸਕੀ। ਤੰਗ ਸੜਕਾਂ ਆਵਾਜਾਈ ਦੇ ਬੋਝ ਨੂੰ ਸੰਭਾਲ ਨਹੀਂ ਸਕੀਆਂ। ਮਿੰਟਾਂ ਵਿੱਚ ਹੀ ਅੰਦਰੂਨੀ ਸੜਕਾਂ ’ਤੇ ਟ੍ਰੈਫਿਕ ਜਾਮ ਲੱਗਣਾ ਸ਼ੁਰੂ ਹੋ ਗਿਆ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਮੰਗਲਵਾਰ ਨੂੰ ਨੌਂ ਮੈਟਰੋ ਸਟੇਸ਼ਨਾਂ ਦੇ ਕਈ ਫਾਟਕ ਕਰੀਬ 12 ਘੰਟਿਆਂ ਲਈ ਬੰਦ ਕਰ ਦਿੱਤੇ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਅਸੁਵਿਧਾ ਹੋਈ। ਰਾਜੀਵ ਚੌਕ 'ਤੇ ਅੱਠ 'ਚੋਂ ਸਿਰਫ਼ ਦੋ ਗੇਟ ਹੀ ਯਾਤਰੀਆਂ ਦੇ ਦਾਖ਼ਲੇ ਤੇ ਬਾਹਰ ਜਾਣ ਲਈ ਖੋਲ੍ਹੇ ਗਏ। ਦਿੱਲੀ ਮੈਟਰੋ ਦੇ ਅਧਿਕਾਰੀਆਂ ਮੁਤਾਬਕ ਕੇਂਦਰੀ ਸਕੱਤਰੇਤ, ਰਾਜੀਵ ਚੌਕ, ਉਦਯੋਗ ਭਵਨ, ਪਟੇਲ ਚੌਕ, ਮੰਡੀ ਹਾਊਸ, ਬਾਰਾਖੰਬਾ ਰੋਡ, ਜਨਪਥ, ਖਾਨ ਮਾਰਕੀਟ ਤੇ ਲੋਕ ਕਲਿਆਣ ਮਾਰਗ ਸਟੇਸ਼ਨਾਂ ਦੇ ਕੁਝ ਗੇਟ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਰਹੇ।
ਮੰਗਲਵਾਰ ਨੂੰ ਦੁਪਹਿਰ 1.16 ਵਜੇ, ਡੀਐਮਆਰਸੀ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਨੌਂ ਸਟੇਸ਼ਨਾਂ ਦੇ ਕੁਝ ਗੇਟ ਬੰਦ ਹੋ ਸਕਦੇ ਹਨ ਤੇ ਯਾਤਰੀਆਂ ਨੂੰ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਯਾਤਰੀਆਂ ਨੇ ਦਾਅਵਾ ਕੀਤਾ ਕਿ ਇਸ ਬਾਰੇ ਕੋਈ ਜਾਣਕਾਰੀ ਪਹਿਲਾਂ ਤੋਂ ਸਾਂਝੀ ਨਹੀਂ ਕੀਤੀ ਗਈ ਸੀ।