ਇਸ ਤਰੀਕ ਨੂੰ ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੈ ਯੋਗੀ ਆਦਿੱਤਿਆਨਾਥ, ਮੰਤਰੀ ਮੰਡਲ 'ਚ ਹੋ ਸਕਦੈ 57 ਮੰਤਰੀ
ਉੱਤਰ ਪ੍ਰਦੇਸ਼ ਵਿੱਚ ਬੰਪਰ ਜਿੱਤ ਤੋਂ ਬਾਅਦ ਦਿੱਲੀ ਦੌਰੇ ’ਤੇ ਆਏ ਯੋਗੀ ਆਦਿੱਤਿਆਨਾਥ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ 20-21 ਮਾਰਚ ਨੂੰ ਯੋਗੀ ਆਦਿਤਿਆਨਾਥ ਉੱਤਰ ਪ੍ਰਦੇਸ਼ ਦੇ ਅਗਲੇ ਸੀਐਮ ਵਜੋਂ ਸਹੁੰ ਚੁੱਕ ਸਕਦੇ ਹਨ।
ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਯੋਗੀ ਆਦਿੱਤਿਆਨਾਥ ਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਚੋਣਾਂ 'ਚ ਇਤਿਹਾਸਕ ਜਿੱਤ 'ਤੇ ਵਧਾਈ ਦਿੱਤੀ। ਪਿਛਲੇ 5 ਸਾਲਾਂ ਵਿੱਚ ਉਨ੍ਹਾਂ ਨੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਸੂਬੇ ਨੂੰ ਵਿਕਾਸ ਦੀਆਂ ਹੋਰ ਉਚਾਈਆਂ 'ਤੇ ਲੈ ਕੇ ਜਾਣਗੇ।
ਦੱਸ ਦੇਈਏ ਕਿ ਯੂਪੀ ਵਿੱਚ 37 ਸਾਲਾਂ ਬਾਅਦ ਕਿਸੇ ਸੀਐਮ ਦੀ ਅਗਵਾਈ ਵਿੱਚ ਸਰਕਾਰ ਦੀ ਵਾਪਸੀ ਹੋਈ ਹੈ। ਭਾਜਪਾ ਗਠਜੋੜ ਨੇ 273 ਸੀਟਾਂ ਜਿੱਤੀਆਂ ਹਨ। 2003 ਤੋਂ ਬਾਅਦ ਯੋਗੀ ਆਦਿਤਿਆਨਾਥ ਪਹਿਲੇ ਮੁੱਖ ਮੰਤਰੀ ਹੋਣਗੇ ਜੋ ਵਿਧਾਨ ਸਭਾ ਦੇ ਮੈਂਬਰ ਹੋਣਗੇ। ਭਾਜਪਾ ਦੇ 10 ਨੇਤਾ ਇੱਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਇਸ ਵਿਚ ਯੋਗੀ ਆਦਿਤਿਆਨਾਥ ਦਾ ਨਾਂ ਵੀ ਸ਼ਾਮਲ ਹੈ।




















