ਸੰਤ ਸੀਚੇਵਾਲ ਵੱਲੋਂ ਰਾਜ ਸਭਾ 'ਚ ਕਾਰਗੁਜਾਰੀ ਦਾ ਲੇਖਾ-ਜੋਖਾ ਪੇਸ਼, ਸਦਨ 'ਚ ਚੁੱਕੇ ਪੰਜਾਬੀਆਂ ਦੇ 11 ਸਵਾਲ
ਉਨ੍ਹਾਂ ਨੇ ਜਿੱਥੇ ਮਾਂ ਬੋਲੀ ਪੰਜਾਬੀ ਵਿੱਚ ਦਸਤਾਵੇਜ਼ ਮੁਹੱਈਆ ਕਰਵਾਉਣ ਦਾ ਮੁੱਦਾ ਉਠਾਇਆ, ਉੱਥੇ ਹੀ ਪੰਜਾਬ ਭਾਸ਼ਾ ਵਿੱਚ ਬੋਲ ਕੇ ਰਾਜ ਸਭਾ ਦੇ ਚੇਅਰਮੈਨ ਤੋਂ ਵੀ ਹੱਲਾਸ਼ੇਰੀ ਹਾਸਲ ਕੀਤੀ।
ਚੰਡੀਗੜ੍ਹ: 'ਆਮ ਆਦਮੀ ਪਾਰਟੀ' ਵੱਲੋਂ ਪਹਿਲੀ ਵਾਰ ਰਾਜ ਸਭਾ ਵਿੱਚ ਭੇਜੇ ਗਏ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਚਰਚਾ ਵਿੱਚ ਹਨ। ਉਨ੍ਹਾਂ ਨੇ ਜਿੱਥੇ ਮਾਂ ਬੋਲੀ ਪੰਜਾਬੀ ਵਿੱਚ ਦਸਤਾਵੇਜ਼ ਮੁਹੱਈਆ ਕਰਵਾਉਣ ਦਾ ਮੁੱਦਾ ਉਠਾਇਆ, ਉੱਥੇ ਹੀ ਪੰਜਾਬ ਭਾਸ਼ਾ ਵਿੱਚ ਬੋਲ ਕੇ ਰਾਜ ਸਭਾ ਦੇ ਚੇਅਰਮੈਨ ਤੋਂ ਵੀ ਹੱਲਾਸ਼ੇਰੀ ਹਾਸਲ ਕੀਤੀ।
ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਟੀਟ ਕਰਕੇ ਰਾਜ ਸਭਾ ਵਿੱਚ ਆਪਣਾ ਲੇਖਾ-ਜੋਖਾ ਦੱਸਿਆ ਹੈ। ਉਨ੍ਹਾਂ ਨੇ ਰਾਜ ਸਭਾ ਵਿੱਚ ਪੁੱਛੇ 11 ਸਵਾਲਾਂ ਦਾ ਵੇਰਵਾ ਪੇਸ਼ ਕੀਤਾ ਹੈ। ਬਲਬੀਰ ਸਿੰਘ ਸੀਚੇਵਾਲ ਨੇ ਵਟੀਟ ਵਿੱਚ ਲਿਖਿਆ ਹੈ ਕਿ ਰਾਜ ਸਭਾ ਇਜਲਾਸ ਦੌਰਾਨ ਮਾਂ ਬੋਲੀ ਪੰਜਾਬੀ ਤੇ ਪੰਜਾਬ ਨਾਲ ਸਬੰਧਤ ਉਠਾਏ ਮੁੱਦਿਆਂ ’ਤੇ ਇੱਕ ਝਾਤ।
ਰਾਜ ਸਭਾ ਇਜਲਾਸ ਦੌਰਾਨ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਨਾਲ ਸਬੰਧਤ ਉਠਾਏ ਮੁੱਦਿਆਂ ’ਤੇ ਇੱਕ ਝਾਤ
— Sant Balbir Singh Seechewal (@SantSeechewal) August 13, 2022
राज्यसभा के सत्र के दौरान मातृभाषा पंजाबी और पंजाब से जुड़े उठाये मुद्दों पर एक नजर
A look at the issues raised related to mother tongue Punjabi and Punjab during the session of the Rajya Sabha
-- pic.twitter.com/Idq7aMnPU8
ਦੱਸ ਦਈਏ ਕਿ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਵਿੱਚ ‘ਆਪ’ ਦੇ ਨਵੇਂ ਸੰਸਦ ਮੈਂਬਰਾਂ ਨੇ ਸਭ ਤੋਂ ਵੱਧ ਪੰਜਾਬ ਦੇ ਮੁੱਦੇ ਉਠਾਏ। ‘ਆਪ’ ਦੇ ਨਵੇਂ ਸੱਤ ਸੰਸਦ ਮੈਂਬਰਾਂ ਨੇ ਰਾਜ ਸਭਾ ਵਿੱਚ ਕੁੱਲ 138 ਸੁਆਲ ਪੁੱਛੇ ਹਨ, ਜਿਨ੍ਹਾਂ ਵਿੱਚੋਂ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਸਭ ਤੋਂ ਵੱਧ 43 ਸੁਆਲ ਪੁੱਛੇ ਤੇ ਰਾਘਵ ਚੱਢਾ ਨੇ 42 ਸੁਆਲ ਪੁੱਛੇ।
ਹਾਸਲ ਵੇਰਵਿਆਂ ਅਨੁਸਾਰ ਰਾਜ ਸਭਾ ਵਿੱਚ ਕੁੱਲ 18 ਬੈਠਕਾਂ ਹੋਈਆਂ। ਇਨ੍ਹਾਂ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਵਿਕਰਮਜੀਤ ਸਿੰਘ ਸਾਹਨੀ, ਸੰਜੀਵ ਅਰੋੜਾ ਤੇ ਰਾਘਵ ਚੱਢਾ ਦੀ ਹਾਜ਼ਰੀ 14-14 ਦਿਨ ਦੀ ਰਹੀ ਹੈ ਜਦੋਂਕਿ ‘ਆਪ’ ਦੇ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਘੱਟ ਹਾਜ਼ਰੀ ਸੰਦੀਪ ਪਾਠਕ ਦੀ ਸੱਤ ਬੈਠਕਾਂ ਦੀ ਰਹੀ। ਸੰਸਦ ਮੈਂਬਰ ਹਰਭਜਨ ਸਿੰਘ ਦੀ ਅੱਠ ਬੈਠਕਾਂ ਵਿੱਚ ਹਾਜ਼ਰੀ ਰਹੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਬਾਦਲ ਦੀ ਹਾਜ਼ਰੀ ਰਜਿਸਟਰ ਮੁਤਾਬਕ ਸਿਰਫ਼ ਦੋ ਬੈਠਕਾਂ ਵਿਚ ਹੀ ਰਹੀ। ਉਨ੍ਹਾਂ ਦੀ ਹੁਣ ਤੱਕ ਦੀ ਸੰਸਦ ਵਿੱਚ ਕੁੱਲ ਹਾਜ਼ਰੀ (ਸਾਰੇ ਸੈਸ਼ਨਾਂ) ਦੀ 21 ਫ਼ੀਸਦੀ ਹੀ ਰਹੀ। ਅਕਾਲੀ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਐਤਕੀਂ ਕੋਈ ਸੁਆਲ ਨਹੀਂ ਪੁੱਛਿਆ।ਦੂਜੇ ਪਾਸੇ, ਹਰਸਿਮਰਤ ਬਾਦਲ ਦੀ ਹਾਜ਼ਰੀ 14 ਬੈਠਕਾਂ ਦੀ ਰਹੀ ਹੈ ਤੇ ਉਨ੍ਹਾਂ ਨੇ ਅੱਠ ਸੁਆਲ ਵੀ ਪੁੱਛੇ। ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਸੰਸਦ ਵਿੱਚ ਸੰਨੀ ਦਿਓਲ ਨਾਲੋਂ ਬਿਹਤਰ ਰਹੀ। ਭਾਜਪਾ ਸੰਸਦ ਮੈਂਬਰ ਸਨੀ ਦਿਓਲ ਐਤਕੀਂ ਮੌਨਸੂਨ ਸੈਸ਼ਨ ’ਚੋਂ ਗ਼ੈਰਹਾਜ਼ਰ ਰਹੇ। ਉਨ੍ਹਾਂ ਦੀ ਸਾਰੇ ਸੈਸ਼ਨਾਂ ਦੀ ਹੁਣ ਤੱਕ ਦੀ ਹਾਜ਼ਰੀ ਵੀ 23 ਫ਼ੀਸਦੀ ਹੀ ਬਣਦੀ ਹੈ।