ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖ਼ਬਰ, ਵੱਖ-ਵੱਖ ਵਿਭਾਗਾਂ 'ਚ 16000 ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਸਰਕਾਰ ਨੇ 30 ਦਿਨਾਂ 'ਚ ਮੰਗੀ ਰਿਪੋਰਟ
ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਅਨੁਸਾਰ 'ਆਪ' ਸਰਕਾਰ ਵੱਖ-ਵੱਖ ਭਰਤੀਆਂ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
Punjab News: ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਅਨੁਸਾਰ 'ਆਪ' ਸਰਕਾਰ ਵੱਖ-ਵੱਖ ਭਰਤੀਆਂ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਨ੍ਹਾਂ 'ਚੋਂ ਕੁਝ ਭਰਤੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਲਦ ਹੀ 8 ਵਿਭਾਗਾਂ 'ਚ ਕਲਾਸ-2 ਤੋਂ ਕਲਾਸ-4 ਤੱਕ ਦੀਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ।
ਇਸ ਦੇ ਲਈ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕਰਕੇ ਉਕਤ ਵਿਭਾਗਾਂ ਵਿੱਚ ਕਿਹੜੇ-ਕਿਹੜੇ ਰੈਂਕ ਦੀਆਂ ਅਸਾਮੀਆਂ ਖਾਲੀ ਹਨ, ਇਸ ਸਬੰਧੀ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।ਸੀਐਮ ਭਗਵੰਤ ਮਾਨ ਨੇ ਇਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਵਿਭਾਗਾਂ ਵਿੱਚ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਸੀਐਮਓ ਨੂੰ ਰਿਪੋਰਟ ਕਰਨ।
ਸਰਕਾਰ ਨੇ ਇਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਰਿਪੋਰਟ ਦੇਣ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ, ਜਿਸ ਵਿੱਚ ਇਹ ਦੱਸਣਾ ਹੋਵੇਗਾ ਕਿ ਉਨ੍ਹਾਂ ਦੇ ਵਿਭਾਗ ਵਿੱਚ ਦਰਜਾ-2 ਤੋਂ ਲੈ ਕੇ ਸ਼੍ਰੇਣੀ-4 ਤੱਕ ਦੇ ਮੁਲਾਜ਼ਮਾਂ ਦੀਆਂ ਕਿੰਨੀਆਂ ਅਸਾਮੀਆਂ ਖਾਲੀ ਹਨ। ਨਵੀਂ ਭਰਤੀ ਪ੍ਰਕਿਰਿਆ ਅਧੀਨ ਕਿੰਨੀਆਂ ਅਸਾਮੀਆਂ ਹਨ ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੀ ਕਿੰਨੀਆਂ ਅਸਾਮੀਆਂ ਖਾਲੀ ਰਹਿਣਗੀਆਂ। ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਸ ਦਾ ਪੂਰਾ ਵੇਰਵਾ ਦੇਣਾ ਹੋਵੇਗਾ।
ਪਤਾ ਲੱਗਾ ਹੈ ਕਿ ਸਬੰਧਤ 8 ਵਿਭਾਗਾਂ ਦੇ ਜ਼ਿਲ੍ਹਾ ਪੱਧਰ ’ਤੇ ਕਰੀਬ 16 ਹਜ਼ਾਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਪਬਲਿਕ ਡੀਲਿੰਗ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਕਿਉਂਕਿ ਜ਼ਿਆਦਾਤਰ ਵਿਧਾਇਕਾਂ ਨੇ ਵੱਖ-ਵੱਖ ਸਮੇਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ ਦੀ ਬੇਨਤੀ ਕੀਤੀ ਸੀ। ਕਈ ਵਿਧਾਇਕਾਂ ਨੇ ਤਾਂ ਆਪਣੇ ਸਬ-ਡਵੀਜ਼ਨ, ਬਲਾਕ ਪੱਧਰ ਤੱਕ ਖਾਲੀ ਪਈਆਂ ਅਸਾਮੀਆਂ ਦੀ ਸੂਚੀ ਵੀ ਲਿਖਤੀ ਰੂਪ ਵਿੱਚ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਈ ਸੀ। ਇਹ ਭਰਤੀ ਜ਼ਿਲ੍ਹਿਆਂ ਵਿੱਚ ਸਿਰਫ਼ ਪਬਲਿਕ ਡੀਲਿੰਗ ਅਸਾਮੀਆਂ ਲਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :