Punjabi Boys Kidnapped: ਆਸਟ੍ਰੇਲੀਆ ਜਾਣ ਨਿਕਲੇ 3 ਪੰਜਾਬੀ ਨੌਜਵਾਨ ਈਰਾਨ 'ਚ ਅਗਵਾ; ਫਿਰੌਤੀ ਲਈ ਪਾਕਿਸਤਾਨੀ ਖਾਤਿਆਂ 'ਚ ਮੰਗੀ ਰਕਮ, ਹੁਸ਼ਿਆਰਪੁਰ ਦੇ ਟ੍ਰੈਵਲ ਏਜੈਂਟ 'ਤੇ ਕੇਸ
ਆਸਟ੍ਰੇਲੀਆ ਜਾਣ ਲਈ ਨਿਕਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਈਰਾਨ 'ਚ ਰੁਕਵਾਉਣ ਦੇ ਬਹਾਨੇ ਏਜੈਂਟਾਂ ਵੱਲੋਂ ਅਗਵਾ ਕਰ ਲਿਆ ਗਿਆ। ਪਰਿਵਾਰ ਵਾਲਿਆਂ ਤੋਂ ਛੱਡਣ ਦੇ ਬਦਲੇ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ..

Punjabi Boys Kidnapped: ਦਿੱਲੀ ਤੋਂ ਆਸਟ੍ਰੇਲੀਆ ਜਾਣ ਲਈ ਨਿਕਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਈਰਾਨ 'ਚ ਰੁਕਵਾਉਣ ਦੇ ਬਹਾਨੇ ਏਜੈਂਟਾਂ ਵੱਲੋਂ ਅਗਵਾ ਕਰ ਲਿਆ ਗਿਆ। ਹੁਣ ਇਹ ਨੌਜਵਾਨ ਅਗਵਾਕਾਰਾਂ ਦੀ ਕਬਜ਼ੇ ਵਿੱਚ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਛੱਡਣ ਦੇ ਬਦਲੇ ਕਰੋੜਾਂ ਰੁਪਏ ਦੀ ਫਿਰੌਤੀ (Ransom of crores of rupees) ਮੰਗੀ ਜਾ ਰਹੀ ਹੈ। ਫਿਰੌਤੀ ਦੀ ਰਕਮ ਪਾਕਿਸਤਾਨੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਪੀੜਤਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਧੁਰੀ ਸ਼ਹਿਰ ਦਾ ਰਿਹਾਇਸ਼ੀ ਹੁਸ਼ਨਪ੍ਰੀਤ ਸਿੰਘ, ਨਵਾਂਸ਼ਹਿਰ ਦਾ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦਾ ਅਮ੍ਰਿਤਪਾਲ ਸਿੰਘ ਸ਼ਾਮਲ ਹਨ। ਦੂਜੇ ਪਾਸੇ, ਹੁਸ਼ਿਆਰਪੁਰ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਟ੍ਰੈਵਲ ਏਜੈਂਟਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ।
ਟਰੈਵਲ ਏਜੈਂਟ ਧੀਰਜ, ਕਮਲ ਅਤੇ ਇੱਕ ਔਰਤ ਸਮੇਤ ਦੋਸ਼ੀਆਂ ਖ਼ਿਲਾਫ਼ ਅਗਵਾ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰ ਨੇ ਐੱਨਆਰਆਈ ਮੰਤਰੀ ਨਾਲ ਵੀ ਸੰਪਰਕ ਕੀਤਾ ਹੈ।
ਪੰਜਾਬ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ
ਪੰਜਾਬ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਿਦੇਸ਼ ਮੰਤਰਾਲੇ ਰਾਹੀਂ ਈਰਾਨ ਵਿੱਚ ਅਗਵਾ ਹੋਏ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਈਰਾਨ ਵਿੱਚ ਸਥਿਤ ਭਾਰਤੀ ਦੂਤਾਵਾਸ ਨੌਜਵਾਨਾਂ ਦੀ ਰਿਹਾਈ ਦੇ ਕਾਫੀ ਨੇੜੇ ਹੈ ਅਤੇ ਉਮੀਦ ਹੈ ਕਿ ਜਲਦੀ ਚੰਗੀ ਖ਼ਬਰ ਮਿਲੇਗੀ। ਉਨ੍ਹਾਂ ਮਾਪਿਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਨਾ ਭੇਜੋ।
ਏਜੈਂਟ ਨੇ ਕਿਵੇਂ ਕੀਤਾ ਧੋਖਾ
ਹੁਸ਼ਿਆਰਪੁਰ ਵਾਸੀ ਗੁਰਦੀਪ ਕੌਰ ਨੇ ਦੱਸਿਆ ਕਿ ਉਸਦਾ ਪੁੱਤ 25 ਅਪ੍ਰੈਲ ਨੂੰ ਘਰੋਂ ਨਿਕਲਿਆ ਸੀ। ਦਿੱਲੀ ਵਿੱਚ ਉਸੇ ਏਜੈਂਟ ਰਾਹੀਂ ਹੋਰ ਦੋ ਨੌਜਵਾਨ ਵੀ ਆਸਟ੍ਰੇਲੀਆ ਜਾਣ ਵਾਲੇ ਸਨ। ਦਿੱਲੀ ਵਿੱਚ ਹੋਟਲ ਬੁੱਕ ਕਰਵਾਇਆ ਗਿਆ ਸੀ ਅਤੇ 26 ਅਪ੍ਰੈਲ ਨੂੰ ਉਡਾਣ ਹੋਣੀ ਸੀ, ਪਰ ਏਜੈਂਟ ਨੇ ਫਲਾਈਟ ਰੱਦ ਕਰਵਾ ਦਿੱਤੀ।
ਫਿਰ 29 ਅਪ੍ਰੈਲ ਦੀ ਫਲਾਈਟ ਵੀ ਰੱਦ ਕਰਵਾਈ ਗਈ। ਏਜੈਂਟ ਨੇ ਕਿਹਾ ਕਿ ਦਿੱਲੀ ਤੋਂ ਆਸਟ੍ਰੇਲੀਆ ਸਿੱਧੀ ਫਲਾਈਟ ਨਹੀਂ ਹੁੰਦੀ, ਇਸ ਲਈ ਈਰਾਨ ਰਾਹੀਂ ਰੁਕ ਕੇ ਜਾਣਾ ਪਵੇਗਾ। ਈਰਾਨ ਵਿੱਚ ਇੱਕ ਰਾਤ ਰੁਕਣ ਦੀ ਗੱਲ ਕੀਤੀ ਗਈ ਅਤੇ ਉਥੇ ਹੋਟਲ ਵੀ ਬੁੱਕ ਕਰਵਾਇਆ ਗਿਆ ਸੀ। ਫਿਰ ਕਿਹਾ ਗਿਆ ਕਿ ਉੱਥੋਂ ਬਾਅਦ ਨੌਜਵਾਨਾਂ ਨੂੰ ਆਸਟ੍ਰੇਲੀਆ ਪਹੁੰਚਾ ਦਿੱਤਾ ਜਾਵੇਗਾ।
ਜਦੋਂ ਨੌਜਵਾਨ ਈਰਾਨ ਉਤਰਿਆ ਤਾਂ ਉਸਨੇ ਮਾਂ ਨੂੰ ਫੋਨ ਕਰਕੇ ਕਿਹਾ ਕਿ ਟੈਕਸੀ ਵਾਲਾ ਆ ਗਿਆ ਸੀ, ਉਹਨਾਂ ਨੇ ਖਾਣਾ-ਪੀਣਾ ਕਰ ਲਿਆ ਹੈ। ਉਸਨੇ ਉਹੀ ਗੱਲ ਕੀਤੀ ਜੋ ਏਜੈਂਟ ਨੇ ਉਸਨੂੰ ਕਹੀ ਸੀ। ਫਿਰ ਤਿੰਨ ਵਜੇ ਫਿਰ ਫੋਨ ਕਰਾਂਗੇ। ਪਰ ਬਾਅਦ ਵਿੱਚ ਪੁੱਤ ਨੇ ਮਾਂ ਨੂੰ ਦੱਸਿਆ ਕਿ ਉਹਨਾਂ ਨੂੰ ਗਲਤ ਥਾਂ ਲੈ ਜਾਇਆ ਗਿਆ ਹੈ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।
ਉਹਨਾਂ ਨੇ ਦੱਸਿਆ ਕਿ ਇਹ ਮੰਗ ਤੀਜੇ ਨੌਜਵਾਨ ਦੇ ਫੋਨ ਤੋਂ ਕੀਤੀ ਜਾ ਰਹੀ ਸੀ, ਕਿਉਂਕਿ ਦੋ ਨੌਜਵਾਨਾਂ ਕੋਲ ਆਈਫੋਨ ਸੀ। ਪਹਿਲਾਂ 55 ਲੱਖ, ਫਿਰ ਕਰੋੜਾਂ ਦੇ ਵਿੱਚ ਮੰਗੀ ਕੀਤੀ ਜਾ ਰਹੀ ਹੈ। ਹੁਣ ਉਹ ਕਹਿ ਰਹੇ ਹਨ ਕਿ 55 ਲੱਖ ਰੁਪਏ ਦੇ ਦਿਓ।
ਜਦੋਂ ਪੁੱਛਿਆ ਕਿ ਪੈਸੇ ਕਿੱਥੇ ਪਾਉਣੇ ਹਨ, ਤਾਂ ਜਵਾਬ ਮਿਲਿਆ ਕਿ ਜਿਹੜੇ ਬੈਂਕ ਖਾਤੇ ਦਿੱਤੇ ਗਏ ਹਨ, ਉਨ੍ਹਾਂ ਵਿੱਚ ਪੈਸਾ ਜਮ੍ਹਾਂ ਕਰਵਾਓ। ਪਰ ਜਾਂਚ ਤੋਂ ਪਤਾ ਲੱਗਾ ਕਿ ਇਹ ਖਾਤੇ ਪਾਕਿਸਤਾਨ ਦੇ ਨੰਬਰਾਂ ਨਾਲ ਜੁੜੇ ਹੋਏ ਸਨ।
ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਾਂਸਦ ਰਾਜ ਕੁਮਾਰ ਚੱਬੇਵਾਲ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿੱਤਾ ਸੀ ਕਿ ਭਾਰਤੀ ਅੰਬੈਂਸੀ ਨਾਲ ਗੱਲਬਾਤ ਕਰਾਂਗੇ, ਪਰ ਅਜੇ ਤੱਕ ਇਸ ਵੱਲ ਕੋਈ ਕਾਰਵਾਈ ਨਹੀਂ ਹੋਈ। ਉਹ ਸਿਰਫ ਇੱਕ ਹੀ ਗੁਜਾਰਿਸ਼ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਜਲਦੀ ਸੁਰੱਖਿਅਤ ਤੌਰ 'ਤੇ ਵਾਪਸ ਭਾਰਤ ਲਿਆਂਦੇ ਜਾਣ।






















