Punjab News: ਆਪ ਵਿਧਾਇਕ ਪਾਠਣਮਾਜਰਾ ਦਾ ਆਪਣੀ ਹੀ ਸਰਕਾਰ ‘ਤੇ ਤਿੱਖਾ ਹਮਲਾ; ਇਲਜ਼ਾਮ ਲਗਾਉਂਦੇ ਹੋਏ ਬੋਲੇ- 'ਦਿੱਲੀ ਟੀਮ ਦੇ ਇਸ਼ਾਰੇ ‘ਤੇ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼'
ਘਨੌਰ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਾਠਣਮਾਜਰਾ ਜਿਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਘੇਰਦੇ ਹੋਏ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਘਨੌਰ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਾਠਣਮਾਜਰਾ ਟਾਂਗਰੀ ਨਦੀ ਦੇ ਵੱਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਆਪਣੀ ਹੀ ਸਰਕਾਰ 'ਤੇ ਹਮਲਾ ਕਰ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਇੱਕ ਨਵਾਂ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਹਲਕੇ ਦੇ ਥਾਣਿਆਂ ਦੇ ਐਸ.ਐਚ.ਓ. ਬਦਲ ਦਿੱਤੇ ਗਏ ਹਨ।
ਦਿੱਲੀ ਟੀਮ ਦੇ ਇਸ਼ਾਰੇ 'ਤੇ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼
ਪਾਠਣਮਾਜਰਾ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਟੀਮ ਦੇ ਇਸ਼ਾਰੇ 'ਤੇ ਪੰਜਾਬ ਵਿਜੀਲੈਂਸ ਜਲਦੀ ਹੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਸਕਦੀ ਹੈ, ਸਿਰਫ਼ ਇਸ ਕਰਕੇ ਕਿਉਂਕਿ ਉਨ੍ਹਾਂ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਵਾਰ-ਵਾਰ ਹੜ੍ਹ ਦੀ ਤਿਆਰੀ ਨੂੰ ਲੈ ਕੇ ਅਧਿਕਾਰੀਆਂ ਅਤੇ ਜਲ ਸਰੋਤ ਵਿਭਾਗ ਦੇ ਪ੍ਰਧਾਨ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਚਿੱਠੀਆਂ ਲਿਖੀਆਂ ਤੇ ਅਪੀਲਾਂ ਕੀਤੀਆਂ, ਪਰ ਹਮੇਸ਼ਾ ਉਨ੍ਹਾਂ ਦੀ ਅਣਦੇਖੀ ਕੀਤੀ ਗਈ।
ਵਿਧਾਇਕ ਨੇ ਆਪਣੇ ਸਾਥੀ ਵਿਧਾਇਕਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਟੀਮ ਦੇ ਦਬਾਅ ਦੇ ਵਿਰੁੱਧ ਖੜ੍ਹਨ। ਨਾਲ ਹੀ ਉਨ੍ਹਾਂ ਸਰਕਾਰੀ ਤੰਤਰ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦਾ ਜਵਾਬ ਦੇਣਗੇ।
ਜਾਣੋ ਪੂਰਾ ਮਾਮਲਾ ਹੈ ਕੀ?
ਵਿਧਾਇਕ ਪਾਠਣਮਾਜਰਾ ਨੇ ਐਤਵਾਰ ਨੂੰ ਟਾਂਗਰੀ ਨਦੀ ਦਾ ਦੌਰਾ ਕੀਤਾ। ਨਦੀ ਦਾ ਪਾਣੀ ਉਹਨਾਂ ਦੇ ਵਿਧਾਨ ਸਭਾ ਹਲਕੇ ਘਨੌਰ ਵਿੱਚ ਲਗਭਗ 1 ਕਿਲੋਮੀਟਰ ਤੱਕ ਦਾਖਲ ਹੋ ਚੁੱਕਾ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲ ਸਰੋਤ ਵਿਭਾਗ ਦੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਹਨਾਂ ਦੇ ਹਲਕੇ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਦੀ ਪੀੜਾ ਨੂੰ ਸਮਝਣਾ ਚਾਹੀਦਾ ਹੈ। ਉਹ ਖੁਦ ਵੀ ਕਿਸਾਨ ਰਹੇ ਹਨ। ਜੇ ਅਸੀਂ ਸਿਰਫ ਅਧਿਕਾਰੀਆਂ ਦੀ ਹੀ ਸੁਣਾਂਗੇ ਅਤੇ ਵਿਧਾਇਕਾਂ ਦੀ ਆਵਾਜ਼ ਨੂੰ ਦਬਾਅ ਦੇਵਾਂਗੇ ਤਾਂ ਪੰਜਾਬ ਡੁੱਬ ਜਾਵੇਗਾ।
ਲੋਕਾਂ ਨੇ ਸਾਨੂੰ ਵੋਟ ਦਿੱਤੀ ਹੈ, ਅਫ਼ਸਰਾਂ ਨੂੰ ਨਹੀਂ
ਪਾਠਣਮਾਜਰਾ ਨੇ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਦੋ ਵਾਰ (2017 ਅਤੇ 2022) ਵਿਧਾਇਕ ਚੁਣਿਆ ਹੈ, ਪਰ ਸਰਕਾਰ ਨੇ ਅੱਜ ਤੱਕ ਕੋਈ ਢੁੱਕਵਾਂ ਕੰਮ ਨਹੀਂ ਕੀਤਾ। ਜੇ ਸਰਕਾਰ ਕੰਮ ਕਰੇਗੀ ਤਾਂ ਉਹ ਉਸ ਦੀ ਤਾਰੀਫ਼ ਕਰਨਗੇ, ਪਰ ਜਦੋਂ ਕੰਮ ਹੀ ਨਹੀਂ ਹੋਇਆ ਤਾਂ ਝੂਠੀ ਤਾਰੀਫ਼ ਕਿਉਂ ਕਰੀਏ? ਜਨਤਾ ਨੇ ਸਾਨੂੰ ਚੁਣਿਆ ਹੈ, ਕ੍ਰਿਸ਼ਨ ਕੁਮਾਰ ਨੂੰ ਨਹੀਂ। ਜੇ ਜਨਤਾ ਦੀ ਆਵਾਜ਼ ਨਹੀਂ ਉਠਾਈ ਤਾਂ ਲੋਕ ਸਾਨੂੰ ਜੁੱਤੀਆਂ ਮਾਰਣਗੇ।
ਮੁੱਖ ਮੰਤਰੀ ਅਤੇ ਅਫ਼ਸਰਾਂ ‘ਤੇ ਸਿੱਧਾ ਹਮਲਾ
ਵਿਧਾਇਕ ਨੇ ਕ੍ਰਿਸ਼ਨ ਕੁਮਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ – ਮੈਂ ਟਾਂਗਰੀ ਨਦੀ ਦੀ ਸਫਾਈ ਦੇ ਲਈ 19 ਕਰੋੜ ਰੁਪਏ ਮਨਜ਼ੂਰ ਕਰਵਾਏ ਸਨ, ਪਰ ਫ਼ਾਈਲ ਕ੍ਰਿਸ਼ਨ ਕੁਮਾਰ ਨੇ ਰੋਕ ਦਿੱਤੀ ਤੇ ਕਿਹਾ ਕਿ ਇਹ ਕੰਮ ਮਨਰੇਗਾ ਨਾਲ ਕਰਵਾਓ। ਇਹ ਕਿਵੇਂ ਸੰਭਵ ਹੈ? ਬੁੱਢੇ ਮਜ਼ਦੂਰ ਦਰਿਆ ਦੀ ਸਫਾਈ ਕਿਵੇਂ ਕਰ ਸਕਦੇ ਹਨ? ਇਹਨਾ ਵੱਡਾ ਪ੍ਰੋਜੈਕਟ ਉਹ ਨਹੀਂ ਕਰ ਸਕਦੇ।
ਵਿਧਾਇਕ ਪਠਾਣਮਾਜਰਾ ਨੇ ਸਪੱਸ਼ਟ ਕਿਹਾ ਕਿ ਜੇ ਪਾਰਟੀ ਚਾਹੇ ਤਾਂ ਉਹਨਾਂ ਨੂੰ ਬਾਹਰ ਕੱਢ ਦੇਵੇ, ਪਰ ਉਹ ਜਨਤਾ ਦਾ ਸਾਥ ਨਹੀਂ ਛੱਡਣਗੇ। ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਰਿਸ਼ਤੇਦਾਰ ਹਨ, ਜਿਸ ਕਰਕੇ ਲੋਕ ਉਹਨਾਂ ਤੋਂ ਹੋਰ ਵੱਧ ਉਮੀਦ ਰੱਖਦੇ ਹਨ। ਲੋਕ ਪੁੱਛਦੇ ਹਨ ਕਿ ਸੀਐਮ ਨਾਲ ਰਿਸ਼ਤੇਦਾਰੀ ਹੋਣ ਦੇ ਬਾਵਜੂਦ ਖੇਤਰ ਲਈ ਕੀ ਕੀਤਾ? ਜਿਵੇਂ ਉਹ ਆਪਣੇ ਖੇਤਰ ਦੇ ਕਪਤਾਨ ਹਨ, ਓਵੇਂ ਹੀ ਸੀਐਮ ਸਾਰੇ ਪੰਜਾਬ ਦੇ ਕਪਤਾਨ ਹਨ। ਉਹਨਾਂ ਨੂੰ ਵੀ ਸੋਚਣਾ ਪਵੇਗਾ।






















