ਚੋਣਾਂ ਤੋਂ ਪਹਿਲਾਂ ਵਧੀਆਂ ਚੰਨੀ ਦੀਆਂ ਮੁਸ਼ਕਲਾਂ, ਰੇਤ ਮਾਫੀਆ ਮਾਮਲੇ ‘ਚ ਰਾਜਪਾਲ ਨੇ ਦਿੱਤੇ ਉਚ ਪੱਧਰੀ ਜਾਂਚ ਦੇ ਹੁਕਮ
- 'ਆਪ' ਨੇਤਾ ਰਾਘਵ ਚੱਢਾ ਨੇ ਪੰਜਾਬ ਦੇ ਡੀਜੀਪੀ ਨੂੰ ਨਿਰਪੱਖ ਅਤੇ ਸੁਤੰਤਰ ਜਾਂਚ ਦੀ ਕੀਤੀ ਅਪੀਲ- ਜਿਸ ਮੁੱਖ ਮੰਤਰੀ 'ਤੇ ਰੇਤ ਮਾਫੀਆ ਦੇ ਦੋਸ਼ ਹੋਣ, ਉਸਦੇ ਹੱਥਾਂ 'ਚ ਸੂਬਾ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ: ਰਾਘਵ ਚੱਢਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਲੱਗੇ ਰੇਤ ਮਾਈਨਿੰਗ ਦੇ ਦੋਸ਼ਾਂ ਨੂੰ ਲੈਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਡੀਜੀਪੀ ਨੂੰ ਦਿੱਤੇ ਉੱਚ ਪੱਧਰੀ ਜਾਂਚ ਦੇ ਹੁਕਮਾਂ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਰਾਜਪਾਲ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਸੀਂ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪ ਕੇ ਮੁੱਖ ਮੰਤਰੀ ਚੰਨੀ ਖਿਲਾਫ ਜਾਂਚ ਦੀ ਮੰਗ ਕੀਤੀ ਸੀ। ਚੱਢਾ ਨੇ ਮਾਨਯੋਗ ਰਾਜਪਾਲ ਦਾ ਆਮ ਆਦਮੀ ਪਾਰਟੀ ਦੀ ਮੰਗ ਨੂੰ ਮੰਨਣ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ।
ਜਾਂਚ ਦੇ ਹੁਕਮਾਂ ਨਾਲ ਸਬੰਧਤ ਪੱਤਰ ਦਾ ਹਵਾਲਾ ਦਿੰਦਿਆਂ ਚੱਢਾ ਨੇ ਕਿਹਾ ਕਿ ਮਾਨਯੋਗ ਰਾਜਪਾਲ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਡੀਜੀਪੀ ਵੀਕੇ ਭਾਵਰਾ ਨੂੰ ਹੁਕਮ ਦਿੱਤੇ ਹਨ ਕਿ ਉਹ ਚੰਨੀ ਵਿਰੁੱਧ ਉਨ੍ਹਾਂ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਖੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਪੂਰੇ ਮਾਮਲੇ ਦੀ ਪਲ-ਪਲ ਦੀ ਰਿਪੋਰਟ ਉਨ੍ਹਾਂ ਨੂੰ ਸੌਂਪਣ। ਚੱਢਾ ਨੇ ਡੀਜੀਪੀ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਹੇਠ ਨਾ ਆਉਣ ਅਤੇ ਪੂਰੇ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਕੇ ਮੁੱਖ ਮੰਤਰੀ ਚੰਨੀ ਖ਼ਿਲਾਫ਼ ਐਫਆਈਆਰ ਦਰਜ ਕਰਨ।
ਇਸ ਦੇ ਨਾਲ ਹੀ ਚੱਢਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਵਿੱਚ ਹੋ ਰਹੇ ਰੇਤ ਮਾਫੀਆ ਦਾ ਪਰਦਾਫਾਸ਼ ਕਰ ਚੁੱਕੇ ਹਾਂ ਅਤੇ ਦੱਸਿਆ ਸੀ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਰੇਤ ਮਾਫੀਆ ਨਾਲ ਮਿਲੇ ਹੋਏ ਹਨ। ਉਨ੍ਹਾਂ ਦੀ ਸਰਪ੍ਰਸਤੀ ਹੇਠ ਚਮਕੌਰ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੇਤ ਮਾਫੀਆ ਦਾ ਨਾਜਾਇਜ਼ ਕਾਰੋਬਾਰ ਚੱਲ ਰਿਹਾ ਹੈ। ਚੱਢਾ ਨੇ ਕਿਹਾ ਕਿ ਜਿਸ ਮੁੱਖ ਮੰਤਰੀ 'ਤੇ ਰੇਤ ਮਾਫੀਆ ਚਲਾਉਣ ਦੇ ਦੋਸ਼ ਹੋਣ,ਉਸਦੇ ਹੱਥਾਂ ਵਿੱਚ ਪੰਜਾਬ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ।
ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਦੀ ਜਾਂਚ 'ਤੇ ਨਜ਼ਰ ਰੱਖ ਰਹੀ ਹੈ। ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਲਈ ਇਸ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਹੋਣੀ ਜ਼ਰੂਰੀ ਹੈ। ਜੇਕਰ ਜਾਂਚ ਵਿੱਚ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਅਸੀਂ ਇਸ ਵਿਰੁੱਧ ਆਵਾਜ਼ ਉਠਾਵਾਂਗੇ ਅਤੇ ਲੋਕਾਂ ਦੇ ਸਾਹਮਣੇ ਸੱਚਾਈ ਲਿਆਵਾਂਗੇ।
ਇਹ ਵੀ ਪੜ੍ਹੋ: Corona Deaths: ਮੁੜ ਡਰਾਉਣ ਲੱਗਿਆ ਕੋਰੋਨਾ ਦਾ ਇਹ ਅੰਕੜਾ, ਹਫ਼ਤੇ 'ਚ ਹੋਈ 5200 ਲੋਕਾਂ ਦੀ ਮੌਤ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin