ਸੂਬੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜੰਗੀ ਪੱਧਰ ’ਤੇ ਖੇਤੀ ਵਿਭਿੰਨਤਾ ਨੂੰ ਕੀਤਾ ਜਾਵੇਗਾ ਉਤਸ਼ਾਹਿਤ: ਫੌਜਾ ਸਿੰਘ ਸਰਾਰੀ
Punjab News: ਫੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਦੀ ਅਗਵਾਈ ਵਿੱਚ ਬਾਗਬਾਨੀ ਵਿਭਾਗ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਯੋਜਨਾ ਸੰਬੰਧੀ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ।
Punjab News: ਫੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਦੀ ਅਗਵਾਈ ਵਿੱਚ ਬਾਗਬਾਨੀ ਵਿਭਾਗ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਯੋਜਨਾ ਸੰਬੰਧੀ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ।
ਇਸ ਮੌਕੇ ‘ਤੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਸਮੂਹਿਕ ਤੌਰ ‘ਤੇ ਸਰਕਾਰ ਚਲਾਉਣ ਦੇ ਖੁਆਬ ਨੂੰ ਅਜਿਹੀਆਂ ਪਹਿਲਕਦਮੀਆਂ ਰਾਹੀਂ ਸਾਕਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਨਾਲ ਦੇਸ਼ ਦੇ ਵੱਖ-ਵੱਖ ਵਰਗਾਂ ਨੂੰ ਲਾਭ ਹੋ ਰਿਹਾ ਹੈ, ਜਿਸ ਵਿੱਚ ਪ੍ਰੋਸੈਸਿੰਗ ਉਦਯੋਗ ਦੇ ਕਿਸਾਨ ਅਤੇ ਛੋਟੇ ਪੱਧਰ ਦੇ ਉੱਦਮੀ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਨਵੀਂ ਪਹਿਲਕਦਮੀ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਲਈ ਲਾਹੇਵੰਦ ਅਤੇ ਪ੍ਰੇਰਨਾਦਾਇਕ ਹੈ।
ਉਨਾਂ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਸਕੀਮ ਤਹਿਤ ਹੁਣ ਤੱਕ 1122 ਪ੍ਰਾਜੈਕਟਾਂ ‘ਤੇ 1800 ਕਰੋੜ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵੱਖ-ਵੱਖ ਕਰਜਾ ਦੇਣ ਵਾਲੀਆਂ ਸੰਸਥਾਵਾਂ ਦੁਆਰਾ 313 ਕਰੋੜ ਰੁਪਏ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ। ਪੰਜਾਬ ਵਿੱਚੋਂ ਇਸ ਸਕੀਮ ਦਾ ਲਾਭ ਲੈਣ ਵਿੱਚ ਮੋਹਰੀ ਜ਼ਿਲੇ ਸੰਗਰੂਰ, ਪਟਿਆਲਾ ਅਤੇ ਮਾਨਸਾ ਹਨ।
ਉਨਾਂ ਦੱਸਿਆ ਕਿ ਇਨਾਂ ਤਿੰਨਾਂ ਜ਼ਿਲਿਆਂ ਦੇ ਖਾਤੇ ਪੂਰੇ ਰਾਜ ਤੋਂ ਮਨਜੂਰ ਕਰਜੇ ਦੀ ਰਕਮ ਦਾ ਲਗਪਗ ਇੱਕ ਤਿਹਾਈ ਹਨ। ਇਸ ਸਕੀਮ ਰਾਹੀਂ ਰਾਜ ਵਿੱਚ ਬਣਾਏ ਗਏ ਮੁੱਖ ਬੁਨਿਆਦੀ ਢਾਂਚੇ ਵਿੱਚ ਕੋਲਡ ਰੂਮਜ਼ ਅਤੇ ਕੋਲਡ ਸਟੋਰ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਕਸਟਮ ਹਾਇਰਿੰਗ ਸੈਂਟਰ, ਵੇਅਰ ਹਾਊਸ ਅਤੇ ਮੌਜੂਦਾ ਖੇਤੀਬਾੜੀ ਬੁਨਿਆਦੀ ਢਾਂਚੇ ਤੇ ਸੋਲਰ ਪੈਨਲ ਸ਼ਾਮਿਲ ਹਨ।
ਉਨਾਂ ਦੱਸਿਆ ਕਿ ਉਹ ਇਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਨੂੰ ਪਹਿਲੇ ਸਥਾਨ ‘ਤੇ ਲਿਆਉਣ ਲਈ ਯਤਨਸ਼ੀਲ ਹਨ। ਉਨਾਂ ਪੰਜਾਬ ਸਰਕਾਰ ਵੱਲੋਂ ਉਦਯੋਗ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਵੇਂ ਉੱਦਮੀਆਂ ਨੂੰ ਉਤਸ਼ਾਹਤ ਕਰਨ ਅਤੇ ਪੰਜਾਬ ਵਿੱਚ ਖੇਤੀ ਵਪਾਰ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨ। ਉਨਾਂ ਬਾਗਬਾਨੀ ਵਿਭਾਗ ਅਤੇ ਸੀ.ਆਈ.ਆਈ ਚੰਡੀਗੜ ਨੂੰ ਇਯ ਸਾਂਝੇ ਉੱਦਮ ਲਈ ਵਧਾਈ ਦਿੱਤੀ।
ਇਸ ਮੌਕੇ ਸਰਾਰੀ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਦੀ ਮੰਗ ’ਤੇ ਉਨਾਂ ਦੇ ਉੱਜਵਲ ਭਵਿੱਖ ਲਈ ਵੱਖ- ਵੱਖ ਕਦਮ ਚੁੱਕਣ ਦਾ ਵੀ ਭਰੋਸਾ ਦਵਾਇਆ। ਨੇੜਲੇ ਭਵਿੱਖ ਵਿੱਚ ਅਜਿਹੇ ਕਿਸਾਨ ਪੱਖੀ ਉੱਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ, ਉਨਾਂ ਦੱਸਿਆ ਕਿ ਸੂਬੇ ਵਿਚ ਕਿੰਨੂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਜੂਸ ਪ੍ਰੋਸੈਸਿੰਗ ਪਲਾਂਟ ਲਗਾਏ ਜਾਣਗੇ, ਇਸੇ ਤਰਾਂ ਅਮਰੂਦ ਦੇ ਜੂਸ ਦੀ ਪ੍ਰੋਸੈਸਿੰਗ ਲਈ ਵੀ ਪਲਾਂਟ ਲਗਾਏ ਜਾਣ ਦੀ ਤਜਵੀਜ਼ ਹੈ।
ਰਾਜ ਵਿਚ ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਤੇ ਠੱਲ ਪਾਉਣ ਦੇ ਉਦੇਸ਼ ਨਾਲ ਕਿੰਨੂ ਦੀ ਪੈਕਿੰਗ ਲਈ ਪਰਾਲੀ ਦੀ ਵਰਤੋਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਖੇਤੀ ਵਿਭਿੰਨਤਾ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਮੱਦੇਨਜ਼ਰ ਤਾਜੇ ਮਟਰਾਂ ਨੂੰ ਫਰੀਜ ਕਰਕੇ ਸਟੋਰ ਕਰਨ ਸੰਬੰਧੀ ਵੀ ਕਲੱਸਟਰ ਬਣਾਏ ਜਾਣਗੇ ਤਾਂ ਕਿ ਕਿਸਾਨਾਂ ਨੂੰ ਉਚਿਤ ਭਾਅ ਮਿਲ ਸਕੇ।