(Source: ECI/ABP News/ABP Majha)
ਸਿੱਖ ਜਥੇਬੰਦੀਆਂ ਦਾ ਐਲਾਨ, ਪਹਿਲੀ ਜੁਲਾਈ ਤੋਂ ਮੁੜ ਬਰਗਾੜੀ ਮੋਰਚਾ, ਕੈਪਟਨ ਸਾਹਮਣੇ ਵੱਡੀ ਚੁਣੌਤੀ
ਦਾਦੂਵਾਲ ਨੇ ਇਹ ਵੀ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਇਨਸਾਫ਼ ਦਿਵਾਉਣ ਦੇ ਭਰਪੂਰ ਜਤਨ ਕੀਤੇ। ਸਾਡਾ ‘ਵਿਸ਼ੇਸ਼ ਜਾਂਚ ਟੀਮ’ (SIT) ਵਿੱਚ ਪੂਰਾ ਭਰੋਸਾ ਹੈ। ਸਾਰੇ ਗਵਾਹਾਂ ਵੱਲੋਂ ਟੀਮ ਦੇ ਮੈਂਬਰ ਅਧਿਕਾਰੀਆਂ ਨੂੰ ਪੂਰੀ ਸਹਾਇਤਾ ਦਿੱਤੀ ਜਾ ਰਹੀ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਸਿੱਖ ਜਥੇਬੰਦੀਆਂ ਨੇ ਬਰਗਾੜੀ ’ਚ ਵੱਡੇ ਇਕੱਠ ਵਾਲੀ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਹੈ ਕਿ ਜੇ ਸਰਕਾਰ ਨੇ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ, ਤਾਂ 1 ਜੁਲਾਈ ਤੋਂ ਮੋਰਚਾ ਲਾ ਦਿੱਤਾ ਜਾਵੇਗਾ। ਇਸ ਮੀਟਿੰਗ ਦੌਰਾਨ ਮੰਗ ਉਠਾਈ ਗਈ ਕਿ ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਫਿਰ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸਿੱਖ ਜਥੇਬੰਦੀਆਂ ਦੇ ਇਸ ਐਲਾਨ ਮਗਰੋਂ ਕੈਪਟਨ ਸਰਕਾਰ ਲਈ ਹਾਲਾਤ ਔਖੇ ਹੋ ਗਏ ਹਨ ਕਿਉਂਕਿ ਇਸੇ ਮਸਲੇ ਨੂੰ ਲੈ ਕੇ ਪਾਰਟੀ ਅੰਦਰ ਵੀ ਬਗਾਵਤ ਚੱਲ ਰਹੀ ਹੈ।
ਦਰਅਸਲ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਿੰਡ ’ਚ ਵਾਪਰੇ ਬੇਅਦਬੀ ਕਾਂਡ ਦੇ ਛੇ ਸਾਲ ਮੁਕੰਮਲ ਹੋਣ ’ਤੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ‘ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ (ਐਡਹਾਕ) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਮੰਦਭਾਗੀ ਸੀ ਤੇ ਸਮੇਂ-ਸਮੇਂ ਦੀਆਂ ਰਾਜ ਸਰਕਾਰਾਂ ਇਸ ਮਾਮਲੇ ’ਚ ਸਿੱਖਾਂ ਨੂੰ ਇਨਸਾਫ਼ ਦਿਵਾਉਣ ਤੋਂ ਨਾਕਾਮ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਮਾਮਲੇ ’ਚ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਸੀ, ਪਹਿਲਾਂ ਤਦ ਹੀ ਬਰਗਾੜੀ ਮੋਰਚਾ ਚੁੱਕਿਆ ਗਿਆ ਸੀ। ਪਹਿਲਾਂ ਬਾਦਲਕੇ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਇਸ ਮਾਮਲੇ ’ਚ ਕੁਝ ਨਹੀਂ ਕਰ ਸਕੇ। ਅਸੀਂ ਬੇਅਦਬੀ ਤੇ ਪੁਲਿਸ ਗੋਲੀਬਾਰੀ ਦੇ ਅਸਲ ਦੋਸ਼ੀਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਉਣ ਵਾਸਤੇ ਇੱਕ ਮਹੀਨੇ ਦਾ ਸਮਾਂ ਸਰਕਾਰ ਨੂੰ ਦੇ ਰਹੇ ਹਾਂ।
ਦਾਦੂਵਾਲ ਨੇ ਇਹ ਵੀ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਇਨਸਾਫ਼ ਦਿਵਾਉਣ ਦੇ ਭਰਪੂਰ ਜਤਨ ਕੀਤੇ। ਸਾਡਾ ‘ਵਿਸ਼ੇਸ਼ ਜਾਂਚ ਟੀਮ’ (SIT) ਵਿੱਚ ਪੂਰਾ ਭਰੋਸਾ ਹੈ। ਸਾਰੇ ਗਵਾਹਾਂ ਵੱਲੋਂ ਟੀਮ ਦੇ ਮੈਂਬਰ ਅਧਿਕਾਰੀਆਂ ਨੂੰ ਪੂਰੀ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਸਾਨੂੰ ਕੈਪਟਨ ਅਮਰਿੰਦਰ ਸਿੰਘ ’ਤੇ ਹੁਣ ਭਰੋਸਾ ਨਹੀਂ ਰਿਹਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ ਪਹਿਲੀ ਜੁਲਾਈ ਤੋਂ ਇੱਕ ਜ਼ਿਲ੍ਹੇ ’ਚੋਂ ਸਿਰਫ਼ 11 ਮੈਂਬਰਾਂ ਦਾ ਸਮੂਹ ਹੀ ਮੋਰਚੇ ’ਚ ਪੁੱਜੇ ਤੇ ਸ਼ਾਮ ਨੂੰ ਉਹ ਆਪਣੇ ਘਰਾਂ ਨੂੰ ਪਰਤ ਜਾਣ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ ਤੇ ਉੱਥੋਂ ਦੇ ਗੁਰੂਘਰ ਵਿੱਚ ਅਰਦਾਸ ਕੀਤੀ। ਇਸ ਮੌਕੇ ਦਾਦੂਵਾਲ ਵੀ ਉਨ੍ਹਾਂ ਨਾਲ ਸਨ।
ਇਹ ਵੀ ਪੜ੍ਹੋ: Ram Rahim Health: ਜੇਲ੍ਹ 'ਚ ਰਾਮ ਰਹੀਮ ਦੀ ਵਿਗੜੀ ਤਬੀਅਤ, ਪੀਜੀਆਈ 'ਚ ਕਰਵਾਏ ਟੈਸਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin