ਬਰਨਾਲਾ ਤੋਂ ਵੱਡੀ ਖਬਰ, ਜੇਲ੍ਹ 'ਚ ਹਵਾਲਾਤੀ ਦੀ ਪਿੱਠ 'ਤੇ ਲਿਖਿਆ 'ਅੱਤਵਾਦੀ'
ਜੇਲ੍ਹ 'ਚ ਬੰਦ ਕਰਮਜੀਤ ਸਿੰਘ ਨਾਂ ਦੇ ਹਵਾਲਾਤੀ ਨੇ ਇਲਜ਼ਾਮ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਪਿੱਠ 'ਤੇ ਅੱਤਵਾਦੀ ਲਿਖ ਦਿੱਤਾ।
ਬਰਨਾਲਾ: ਜੇਲ੍ਹ 'ਚ ਬੰਦ ਕਰਮਜੀਤ ਸਿੰਘ ਨਾਂ ਦੇ ਹਵਾਲਾਤੀ ਨੇ ਇਲਜ਼ਾਮ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਪਿੱਠ 'ਤੇ ਅੱਤਵਾਦੀ ਲਿਖ ਦਿੱਤਾ। ਇਸ ਪੂਰੇ ਮਾਮਲੇ ਤੋਂ ਪਰਦਾ ਉਦੋਂ ਉਠਿਆ ਜਦੋਂ ਬਰਨਾਲਾ ਜੇਲ੍ਹ ਵਿੱਚ ਬੰਦ ਹਵਾਲਾਤੀ ਆਪਣੇ ਕੇਸ ਦੀ ਪੇਸ਼ੀ ਭੁਗਤਣ ਲਈ ਮਾਨਸਾ ਦੀ ਅਦਾਲਤ ਵਿੱਚ ਪਹੁੰਚ ਗਿਆ। ਮਾਨਸਾ ਦੀ ਅਦਾਲਤ ਦੇ ਜੱਜ ਨੇ ਬਰਨਾਲਾ ਦੀ ਅਦਾਲਤ ਨੂੰ ਪੀੜਤਾ ਦਾ ਮੈਡੀਕਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਪੀੜਤ ਹਵਾਲਾਤੀ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਵਧੀਆ ਖਾਣਾ ਨਹੀਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਹੋ ਰਹੀ ਹੈ। ਜਦੋਂ ਉਸ ਨੇ ਇਹ ਮਾਮਲਾ ਜੇਲ੍ਹ ਪ੍ਰਸ਼ਾਸਨ ਸਾਹਮਣੇ ਉਠਾਇਆ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ। ਦੇਰ ਰਾਤ ਜੇਲ੍ਹ ਸੁਪਰਡੈਂਟ ਨੇ ਉਸ ਦੀ ਕੁੱਟਮਾਰ ਕੀਤੀ। ਉਸ ਦੀ ਪਿੱਠ 'ਤੇ ਅੱਤਵਾਦੀ ਲਿਖ ਦਿੱਤਾ।
ਪੀੜਤ ਦੀ ਵਕੀਲ ਬਲਵੀਰ ਕੌਰ ਨੇ ਦੱਸਿਆ ਕਿ ਬਰਨਾਲਾ ਜੇਲ੍ਹ ਵਿੱਚ ਕਰਮਜੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜਤ ਧਿਰ ਨੇ ਜੱਜ ਸਾਹਿਬ ਨੂੰ ਸਾਰੀ ਘਟਨਾ ਸੁਣਾਈ ਤੇ ਆਪਣੀ ਪਿੱਠ ’ਤੇ ਲਿਖਿਆ ਅੱਤਵਾਦੀ ਸ਼ਬਦ ਵਿਖਾਇਆ। ਇਸ ਤੋਂ ਬਾਅਦ ਮਾਨਸਾ ਅਦਾਲਤ ਨੇ ਮਾਮਲਾ ਬਰਨਾਲਾ ਅਦਾਲਤ ਨੂੰ ਭੇਜ ਦਿੱਤਾ ਹੈ। ਪੀੜਤ ਲੜਕੇ ਦਾ ਮੈਡੀਕਲ ਕਰਵਾਉਣ ਤੇ ਬਰਨਾਲਾ ਜੇਲ੍ਹ ਵਿੱਚ ਵਾਪਰੀ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਉਧਰ, ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਕਿਹਾ ਕਿ ਇਸ ਕੈਦੀ ਵੱਲੋਂ ਕੋਰਟ ਵਿੱਚ ਦਿੱਤੀ ਗਈ ਸਟੇਟਮੈਂਟ ਸਰਾਸਰ ਝੂਠੀ ਹੈ। ਉਨ੍ਹਾਂ ਕਿਹਾ ਕਿ ਇਹ ਕੈਦੀ ਕ੍ਰਿਮੀਨਲ ਕਿਸਮ ਦਾ ਵਿਅਕਤੀ ਹੈ ਜਿਸ 'ਤੇ ਤੇਰਾਂ ਦੇ ਕਰੀਬ ਮੁਕੱਦਮੇ ਦਰਜ ਹਨ। ਇੱਕ ਕੇਸ ਵਿੱਚ ਕੈਦ ਹੋਈ ਹੈ ਤੇ ਬਾਕੀਆਂ ਵਿੱਚ ਹਵਾਲਾਤੀ ਹੈ। ਉਸ ਉੱਪਰ 302 ਤੇ 307 ਦੇ ਮੁਕੱਦਮੇ ਦਰਜ ਹੋਏ ਹਨ। ਇਸ ਤੋਂ ਕਈ ਵਾਰ ਜੇਲ੍ਹ ਵਿੱਚੋਂ ਮੋਬਾਈਲ ਵੀ ਬਰਾਮਦ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਕੈਦੀ ਜੇਲ੍ਹ ਦਾ ਮਾਹੌਲ ਖਰਾਬ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਸੰਗਰੂਰ ਜੇਲ੍ਹ ਵਿਚੋਂ ਸ਼ਿਫਟ ਹੋ ਕੇ ਆਇਆ ਹੈ। ਉਸ ਤੋਂ ਪਹਿਲਾਂ ਫਿਰੋਜ਼ਪੁਰ ਮਾਨਸਾ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਵਿੱਚ ਪੂਰਾ ਰਿਕਾਰਡ ਪੇਸ਼ ਕਰਾਂਗੇ।