ਬਟਾਲਾ ਦੇ ਦੋ ਨੌਜਵਾਨਾਂ ਨੇ ਗੱਡੇ ਜਿੱਤ ਦੇ ਝੰਡੇ, ਨੈਸ਼ਨਲ ਚੈਂਪੀਅਨਸ਼ਿਪ ਜਿੱਤ ਕੇ ਘਰ ਪਰਤੇ
ਖਿਡਾਰੀਆਂ ਦੇ ਕੋਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੇ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਗੋਲਡ ਮੈਡਲ ਜਿੱਤੇ ਹਨ।
ਬਟਾਲਾ: ਇੱਥੋਂ ਦੇ ਰਹਿਣ ਵਾਲੇ ਦੋ ਖਿਡਾਰੀ ਗੁਰਅੰਮ੍ਰਿਤ ਸਿੰਘ ਤੇ ਰੋਹਿਤ ਕੁਮਾਰ ਜਿਨ੍ਹਾਂ ਨੇ ਦੇਸ਼ ਸਮੇਤ ਬਟਾਲਾ ਦਾ ਨਾਂ ਰੌਸ਼ਨ ਕਰਦੇ ਹੋਏ ਗੋਆ ਵਿੱਚ ਹੋਈਆਂ ਖੇਡਾਂ ਵਿੱਚ ਹਿੱਸਾ ਲੈਂਦੇ ਹੋਏ ਕਿੱਕ ਬੌਕਸਿੰਗ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਹ ਦੋਵੇਂ ਗੋਲਡ ਮੈਡਲਿਸਟ ਖਿਡਾਰੀ ਅੱਜ ਜਦੋਂ ਵਾਪਸ ਬਟਾਲਾ ਪਹੁੰਚੇ ਤਾਂ ਬਟਾਲਾਵਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਇਨ੍ਹਾਂ ਖਿਡਾਰੀਆਂ ਦੇ ਚਿਹਰਿਆਂ ਤੋਂ ਉਨ੍ਹਾਂ ਦੀ ਜਿੱਤ ਤੇ ਉਨ੍ਹਾਂ ਦੇ ਕੀਤੇ ਸਵਾਗਤ ਦੀ ਖੁਸ਼ੀ ਸਾਫ ਝਲਕਦੀ ਨਜ਼ਰ ਆ ਰਹੀ ਸੀ। ਇਸ ਮੌਕੇ ਜੇਤੂ ਖਿਡਾਰੀਆਂ ਗੁਰਅੰਮ੍ਰਿਤ ਸਿੰਘ ਤੇ ਰੋਹਿਤ ਕੁਮਾਰ ਨੇ ਕਿਹਾ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਨੈਸ਼ਨਲ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤ ਸਕੇ ਹਨ।
ਉਨ੍ਹਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਇਸ ਪ੍ਰਾਪਤੀ ਪਿੱਛੇ ਪਰਮਾਤਮਾ, ਪਰਿਵਾਰ ਤੇ ਕੋਚ ਦਾ ਅਸ਼ੀਰਵਾਦ ਹੈ ਤੇ ਅੱਜ ਉਨ੍ਹਾਂ ਦੀ ਤੇ ਉਨ੍ਹਾਂ ਦੇ ਕੋਚ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਹੁਣ ਸਾਡਾ ਨਿਸ਼ਾਨਾ ਦੇਸ਼ ਲਈ ਹੋਰ ਉੱਚੇ ਮੁਕਾਮ ਹਾਸਲ ਕਰਨ ਦਾ ਹੈ। ਇਸ ਮੌਕੇ ਜੇਤੂ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਪ੍ਰਾਪਤੀ ਉਤੇ ਖੁਸ਼ੀ ਜਤਾਈ ਤੇ ਨਾਲ ਹੀ ਬਟਾਲਾ ਵਾਸੀਆਂ ਵੱਲੋਂ ਕੀਤੇ ਸਵਾਗਤ ਦਾ ਧੰਨਵਾਦ ਕੀਤਾ।
ਓੱਥੇ ਹੀ ਖਿਡਾਰੀਆਂ ਦੇ ਕੋਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੇ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਗੋਲਡ ਮੈਡਲ ਜਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਲਈ ਇਹ ਦੋਵੇਂ ਖਿਡਾਰੀ ਇੱਕ ਸੇਧ ਹਨ ਕਿ ਗਲਤ ਰਾਹਾਂ ਨੂੰ ਛੱਡ ਕੇ ਖੇਡਾਂ ਨਾਲ ਜੁੜੋ।
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਸਟੇਟ ਚੈਮਪੀਅਨਸ਼ਿਪ ਹੋਈ ਸੀ, ਜਿਸ ਵਿੱਚੋਂ ਵੀ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਗੋਲਡ ਮੈਡਲ ਹਾਸਲ ਕੀਤਾ ਸੀ ਤੇ ਨੈਸ਼ਨਲ ਚੈਂਪੀਅਨਸ਼ਿਪ ਗੋਆ ਵਿੱਚੋਂ ਵੀ ਗੋਲਡ ਮੈਡਲ ਹਾਸਲ ਕੀਤਾ ਹੈ।