Farmer Protest: ਬਠਿੰਡਾ ਅਦਾਲਤ ਨੇ ਮੁੜ ਕੰਗਨਾ ਰਣੌਤ ਨੂੰ ਭੇਜਿਆ ਸੰਮਨ, ਕਿਸਾਨ ਬੀਬੀਆਂ 'ਤੇ ਕੀਤੀ ਸੀ ਵਿਵਾਦਤ ਟਿੱਪਣੀ
ਕਿਸਾਨ ਅੰਦੋਲਨ ਵੇਲੇ ਸੰਘਰਸ਼ੀ ਬੀਬੀਆਂ ਉੱਤੇ ਵਿਵਾਦਿਤ ਟਿੱਪਣੀ ਕਰਨ ਵਾਲੀ ਕੰਗਨਾ ਰਣੌਤ ਹੁਣ ਹੋਰ ਕਸੂਤੀ ਫਸਦੀ ਜਾਂਦੀ ਹੈ। ਇਸ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਮੁੜ ਬਠਿੰਡਾ ਕੋਰਟ ਦਾ ਸੰਮਨ ਜਾਰੀ ਹੋਇਆ ਹੈ।

Farmer Protest: ਕਿਸਾਨ ਅੰਦੋਲਨ ਵੇਲੇ ਸੰਘਰਸ਼ੀ ਬੀਬੀਆਂ ਉੱਤੇ ਵਿਵਾਦਿਤ ਟਿੱਪਣੀ ਕਰਨ ਵਾਲੀ ਕੰਗਨਾ ਰਣੌਤ ਹੁਣ ਹੋਰ ਕਸੂਤੀ ਫਸਦੀ ਜਾਂਦੀ ਹੈ। ਇਸ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਮੁੜ ਬਠਿੰਡਾ ਕੋਰਟ ਦਾ ਸੰਮਨ ਜਾਰੀ ਹੋਇਆ ਹੈ। ਇਹ ਮਾਮਲਾ ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ‘ਤੇ ਕੀਤੀ ਗਈ ਵਿਵਾਦਿਤ ਟਿੱਪਣੀ ਨਾਲ ਸੰਬੰਧਿਤ ਹੈ। ਕੋਰਟ ਨੇ ਕੰਗਨਾ ਨੂੰ ਜਲਦੀ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ, ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ।
ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਬਜ਼ੁਰਗ ਕਿਸਾਨ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਦੀ ਦਾਦੀ ਕਹਿ ਕੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਮਹਿੰਦਰ ਕੌਰ ਨੇ ਬਠਿੰਡਾ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ। ਵਕੀਲ ਰਘੁਵੀਰ ਨੇ ਦੱਸਿਆ ਕਿ ਉਹ ਜਲਦੀ ਹੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਨਗੇ, ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਕੰਗਨਾ ਰਣੌਤ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾਵੇ।
ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ਤੋਂ ਬਚ ਨਾ ਸਕੇ। ਧਿਆਨ ਦੇਣ ਯੋਗ ਹੈ ਕਿ ਕੰਗਨਾ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਿਸਾਨ ਮਹਿੰਦਰ ਕੌਰ 'ਤੇ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਫਿਰ ਉਸਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ। ਪਰ ਉਸਨੂੰ ਕਿਤੇ ਵੀ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਉਸਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਦੱਸ ਦਈਏ ਕਿ ਇਹ ਮਾਮਲਾ 2021 ਦਾ ਹੈ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਸਮੇਂ ਦੌਰਾਨ, ਕੰਗਨਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ। ਮਹਿੰਦਰ ਕੌਰ ਨੇ ਇਸ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਕੰਗਨਾ ਨੇ ਕਿਹਾ ਕਿ ਉਸਨੇ ਸਿਰਫ਼ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ।
ਕੰਗਨਾ ਦੇ ਟਵੀਟ ਤੋਂ ਬਾਅਦ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਹ ਸੁਣਵਾਈ ਲਗਭਗ 13 ਮਹੀਨੇ ਚੱਲੀ, ਜਿਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਨੇ ਕੰਗਨਾ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਕੰਗਨਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿੱਚ ਰਾਹਤ ਲਈ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ






















