Punjab News: ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ! ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੱਡਾ ਇਕੱਠ, ਨਵੇਂ ਪ੍ਰਧਾਨ ਦਾ ਹੋਏਗਾ ਐਲਾਨ?
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸਤ ਵਿੱਚ ਅੱਜ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਅੱਜ ਵੱਡੀ ਗਿਣਤੀ ਅਕਾਲੀ ਲੀਡਰ ਤੇ ਵਰਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋ ਰਹੇ ਹਨ। ਇੱਥੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ।
Punjab News: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸਤ ਵਿੱਚ ਅੱਜ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਅੱਜ ਵੱਡੀ ਗਿਣਤੀ ਅਕਾਲੀ ਲੀਡਰ ਤੇ ਵਰਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋ ਰਹੇ ਹਨ। ਇੱਥੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ। ਇਹ ਅਕਾਲੀ ਲੀਡਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਲਈ ਇੱਕਜੁੱਟ ਹੋਏ ਹਨ। ਇਸ ਲਈ ਬਾਗੀ ਧੜਾ ਅੱਜ 1 ਜੁਲਾਈ ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਅਕਾਲੀ ਦਲ ਦਾ ਬਾਗੀ ਧੜਾ ਸੋਮਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ, ਪੰਥ ਤੇ ਅਕਾਲੀ ਦਲ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰੇਗਾ। ਅਕਾਲੀ ਦਲ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਗੀ ਧੜੇ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਉਹ ਸੱਚਾਈ ਨੂੰ ਸਮੁੱਚੇ ਪੰਥ ਸਾਹਮਣੇ ਰੱਖਿਆ ਜਾਏਗਾ ਜਿਸ ਤਹਿਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਤੋਂ ਹੁਕਮ ਜਾਰੀ ਕਰਵਾਏ ਗਏ ਸੀ।
ਸੂਤਰਾਂ ਮੁਤਾਬਕ ਉਸ ਸਮੇਂ ਦੇ ਚਸ਼ਮਦੀਦ ਆਗੂ ਇਸ ਮਾਮਲੇ ਨੂੰ ਜਨਤਕ ਕਰਨ ਦੇ ਨਾਲ-ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਵੀ ਸੌਂਪਣਗੇ। ਇਸ ਦੇ ਨਾਲ ਹੀ ਉਹ ਖੁਦ ਤੇ ਹੋਰ ਦੋਸ਼ੀਆਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਵੀ ਉਠਾਉਣਗੇ ਤੇ ਜਥੇਦਾਰ ਨੂੰ ਅਪੀਲ ਕਰਨਗੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਦਿੱਤੀ ਜਾਏ।
ਸੂਤਰਾਂ ਅਨੁਸਾਰ ਨਵੇਂ ਅਕਾਲੀ ਦਲ ਦੀ ਸਥਾਪਨਾ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਾਗੀ ਧੜੇ ਪਹਿਲੇ ਪੜਾਅ ਵਿੱਚ ਕਿਸੇ ਵੀ ਪ੍ਰਧਾਨ ਦੀ ਚੋਣ ਨਹੀਂ ਕਰਨਗੇ ਤੇ ਇੱਕ-ਇੱਕ ਕਨਵੀਨਰ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਪੰਥਕ ਸਰਗਰਮੀਆਂ ਚਲਾਉਣ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਸਮੂਹ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਬਾਗੀ ਧੜੇ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਸਿੱਖ ਪੰਥ ਨੂੰ ਅਪੀਲ ਕਰਨਗੇ ਕਿ ਸਮੂਹ ਸੰਪਰਦਾਵਾਂ ਇਕੱਠੀਆਂ ਹੋ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤਾਂ ਜੋ ਕਥਿਤ ਪੰਥ ਵਿਰੋਧੀ ਅਕਾਲੀ ਦਲ (ਬਾਦਲ ਧੜੇ) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥ ਦੇ ਵੱਖ-ਵੱਖ ਪਲੇਟਫਾਰਮਾਂ ਦੀਆਂ ਸੇਵਾਵਾਂ ਤੋਂ ਲਾਂਭੇ ਕੀਤਾ ਜਾ ਸਕੇ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੇ ਜਾਣ ਵਾਲੇ ਪੱਤਰ ਦੀਆਂ ਕਾਪੀਆਂ ਵੀ ਮੀਡੀਆ ਨੂੰ ਜਾਰੀ ਕੀਤੀਆਂ ਜਾਣਗੀਆਂ।
ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਨਕਾਰ ਕੇ ਵਿਧਾਨ ਸਭਾ ਤੇ ਹੁਣ ਲੋਕ ਸਭਾ ਚੋਣਾਂ ਵਿੱਚ ਆਪਣਾ ਫਤਵਾ ਦੇ ਦਿੱਤਾ ਹੈ। ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵਿੱਚ ਬਦਲਾਅ ਚਾਹੁੰਦੇ ਹਨ।
ਇਸ ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ ਤੇ ਅਕਾਲੀ ਦਲ ਦਾ ਪ੍ਰਧਾਨ ਚੁਣਨ ਦਾ ਅਧਿਕਾਰ ਪਾਰਟੀ ਆਗੂਆਂ ਤੇ ਵਰਕਰਾਂ ਜਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨੂੰ ਦੇਣਾ ਚਾਹੀਦਾ ਹੈ। ਸਿੱਖ ਸੰਗਤ ਇਸ ਤੋਂ ਘੱਟ ਕੁਝ ਵੀ ਮੰਨਣ ਨੂੰ ਤਿਆਰ ਨਹੀਂ।