ਬਿਕਰਮ ਮਜੀਠੀਆ ਨੂੰ ਜ਼ਮਾਨਤ ਲਈ ਹਾਈਕੋਰਟ 'ਤੇ ਟੇਕ, ਅਕਾਲੀ ਲੀਡਰਾਂ ਨੇ ਜੇਲ੍ਹ 'ਚ ਜਾ ਕੇ ਪੁੱਛਿਆ ਹਾਲ-ਚਾਲ
Bikram Majithia : ਮਜੀਠੀਆ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਹਾਈਕੋਰਟ ’ਚ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਜਾਵੇਗੀ। ਅਕਾਲੀ ਦਲ ਅਜੇ ਵੀ ਇਸ ਕੇਸ ਨੂੰ ਸਿਆਸੀ ਬਦਲਾਖੋਰੀ ਤੇ ਝੂਠ ਦਾ ਪਲੰਦਾ ਦੱਸ ਰਿਹਾ ਹੈ।
ਪਟਿਆਲਾ: ਸਾਬਕਾ ਮੰਤਰੀ ਬਿਕਰਮ ਮਜੀਠੀਆ ਨਸ਼ਾ ਤਸਕਰੀ ਕੇਸ ਵਿੱਚ ਪਿਛਲੇ ਪੰਜ ਦਿਨਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਬੰਦ ਹੈ। ਹੁਣ ਮਜੀਠੀਆ ਵੱਲੋਂ ਜ਼ਮਾਨਤ ਲਈ ਹਾਈਕੋਰਟ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਜੀਠੀਆ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਹਾਈਕੋਰਟ ’ਚ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਜਾਵੇਗੀ। ਅਕਾਲੀ ਦਲ ਅਜੇ ਵੀ ਇਸ ਕੇਸ ਨੂੰ ਸਿਆਸੀ ਬਦਲਾਖੋਰੀ ਤੇ ਝੂਠ ਦਾ ਪਲੰਦਾ ਦੱਸ ਰਿਹਾ ਹੈ।
ਉਧਰ, ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਅਕਾਲੀ ਆਗੂਆਂ ਸੁਰਜੀਤ ਸਿੰਘ ਰੱਖੜਾ, ਦਲਜੀਤ ਸਿੰਘ ਚੀਮਾ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜੇਲ੍ਹ ਵਿੱਚ ਬੰਦ ਮਜੀਠੀਆ ਨਾਲ ਮੁਲਾਕਾਤ ਕੀਤੀ।
ਅਹਿਮ ਗੱਲ ਹੈ ਕਿ ਕਰੋਨਾ ਕਾਰਨ ਕਰੀਬ ਦੋ ਸਾਲਾਂ ਤੋਂ ਪੰਜਾਬ ਦੀਆਂ ਲਗਪਗ ਸਾਰੀਆਂ ਜੇਲ੍ਹਾਂ ਵਿੱਚ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤਾਂ ਬੰਦ ਹਨ। ਇਸ ਦੇ ਬਾਵਜੂਦ ਮਜੀਠੀਆ ਨਾਲ ਮੁਲਾਕਾਤ ਦੀ ਆਗਿਆ ਦਿੱਤੀ ਗਈ। ਜੇਲ੍ਹ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਲਾਕਾਤ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਕਰਵਾਈ ਗਈ ਹੈ।
ਇਸ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਬਾਕੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਤਾਂ ਜੇਲ੍ਹਾਂ ਵਿਚਲੇ ਕੈਦੀਆਂ ਤੇ ਹਵਾਲਾਤੀਆਂ ਨਾਲ ਮੁਲਾਕਾਤ ਕਰਨ ’ਤੇ ਲਾਈਆਂ ਪਾਬੰਦੀਆਂ ਵੀ ਹਟਾ ਦੇਣੀਆਂ ਚਾਹੀਦੀਆਂ ਹਨ। ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾ ਮਿਲ ਸਕਣ ਕਰਕੇ ਕਈ ਕੈਦੀਆਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਵੀ ਝੱਲਣੀਆਂ ਪੈ ਰਹੀਆਂ ਹਨ। ਇਸ ਸਬੰਧੀ ਉਹ ਜਲਦੀ ਹੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਣਗੇ।
ਬਿਕਰਮ ਮਜੀਠੀਆ ਦਾ ਨਾਂ ਨਸ਼ਾ ਤਸਕਰੀ ਕੇਸਾਂ ਵਿੱਚ ਲੰਬੇ ਸਮੇਂ ਤੋਂ ਗੂੰਝ ਰਿਹਾ ਸੀ ਪਰ ਉਹ ਕਈ ਵਰ੍ਹਿਆਂ ਮਗਰੋਂ ਪਹਿਲੀ ਵਾਰ ਜੇਲ੍ਹ ਗਏ ਹਨ। ਬਿਕਰਮ ਮਜੀਠੀਆ ਦਾ ਦਾਅਵਾ ਹੈ ਕਿ ਨਸ਼ਾ ਤਸਕਰੀ ਕੇਸ ਦੇ ਸਾਰੇ ਦੋਸ਼ੀ ਪਹਿਲਾਂ ਹੀ ਸਲਾਖਾਂ ਪਿੱਛੇ ਹਨ ਤੇ ਕਾਂਗਰਸ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾ ਰਹੀ ਸੀ।
ਮਜੀਠੀਆ ਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਵੀਰਵਾਰ ਰਾਤ ਨੌਂ ਵਜੇ ਤੋਂ ਬਾਅਦ ਪਟਿਆਲਾ ਲਿਆਂਦਾ ਗਿਆ ਤੇ ਮੁੱਢਲੀ ਦਸਤਾਵੇਜ਼ੀ ਕਾਰਵਾਈ ਤੋਂ ਮੁਕੰਮਲ ਕਰਨ ’ਤੇ ਮਜੀਠੀਆ ਨੂੰ ਰਾਤ ਸਵਾ ਨੌਂ ਵਜੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ ਸੀ। ਉਂਜ ਮਜੀਠੀਆ ਨੂੰ ਜੇਲ੍ਹ ਦੀ ਡਿਓਢੀ ’ਚ ਵੀ ਤਕਰੀਬਨ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ ਸੀ ਕਿਉਂਕਿ ਕਿਸੇ ਵੀ ਬੈਰਕ ’ਚ ਭੇਜਣ ਤੋਂ ਪਹਿਲਾਂ ਸਬੰਧਤ ਮੁਲਜ਼ਮ ਦਾ ਕੁਰਸੀਨਾਮਾ (ਸਮੁੱਚੀ ਜਾਣਕਾਰੀ) ਡਿਓਢੀ ’ਚ ਹੀ ਤਿਆਰ ਕੀਤੀ ਜਾਂਦੀ ਹੈ।