ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਭਰੀ ਨਾਮਜ਼ਦਗੀ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਰਹੇ ਮੌਜੂਦ
Punjab News: ਚਾਰ ਸੀਟਾਂ ਲਈ ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਨੇ ਆਪਣੀ ਕਮਰ ਕੱਸ ਲਈ ਹੈ। ਜਿਸ ਕਰਕੇ ਲਗਾਤਾਰ ਹੁਣ ਉਮੀਦਵਾਰਾਂ ਦੇ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।
Punjab bypolls: ਚਾਰ ਸੀਟਾਂ ਲਈ ਪੰਜਾਬ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਨੇ ਆਪਣੀ ਕਮਰ ਕੱਸ ਲਈ ਹੈ। ਜਿਸ ਕਰਕੇ ਲਗਾਤਾਰ ਹੁਣ ਉਮੀਦਵਾਰਾਂ ਦੇ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਅੱਜ ਭਾਜਪਾ ਦੇ ਗਿੱਦੜਬਾਹਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੇ ਵੱਲੋਂ ਆਪਣੀ ਨਾਮਜ਼ਦਗੀ ਭਰੀ ਗਈ ਹੈ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਰਹੇ ਮੌਜੂਦ
ਅੱਜ ਗਿੱਦੜਬਾਹਾ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਰਿਟਰਨਿੰਗ ਅਧਿਕਾਰੀ ਜਸਪਾਲ ਸਿੰਘ ਪਾਸ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਰਹੇ। ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪੱਤਰਦਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਬਹੁਤ ਹੀ ਕਾਬਲ ਵਿਅਕਤੀ ਹਨ, ਅਤੇ ਅਜਿਹੇ ਪਹਿਲੇ ਵਿੱਤ ਮੰਤਰੀ ਹਨ ਜਿੰਨਾਂ ਕਿਸੇ ਰਾਜ ਦਾ 9 ਵਾਰ ਬਜਟ ਪੇਸ਼ ਕੀਤਾ ਹੋਵੇ।
ਗਿੱਦੜਬਾਹਾ ਇਲਾਕੇ ਦੀ ਭਰਪੂਰ ਤਰੱਕੀ ਹੋ ਸਕੇ
ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਪਹਿਲਾਂ ਸ਼ਿਅਦ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਫਿਰ ਕਾਂਗਰਸ ਸਰਕਾਰ ਵਿਚ ਵਿੱਤ ਮੰਤਰੀ ਰਹੇ। ਉਨ੍ਹਾਂ ਕਿਹਾ ਕਿ ਅਜਿਹੇ ਕਾਬਲ ਵਿਅਕਤੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਭਾਜਪਾ ਲੀਡਰਸ਼ਿਪ ਨੇ ਗਿੱਦੜਬਾਹਾ ਦੀ ਸੇਵਾ ਲਈ ਭਾਜਪਾ ਉਮੀਦਵਾਰ ਦੇ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਚੁਣਿਆ ਹੈ, ਤਾਂ ਜੋ ਪੰਜਾਬ ਅਤੇ ਗਿੱਦੜਬਾਹਾ ਇਲਾਕੇ ਦੀ ਭਰਪੂਰ ਤਰੱਕੀ ਹੋ ਸਕੇ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਪਰਿਵਾਰਵਾਦ ਨੂੰ ਬੜਾਵਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 2008 ਵਿਚ ਇਹ ਹੋਕਾ ਦਿੱਤਾ ਸੀ ਕਿ ਉਹ ਆਮ ਘਰਾਂ ਦੇ ਲੜਕੇ ਲੜਕੀਆਂ ਨੂੰ ਵਿਧਾਇਕ ਅਤੇ ਮੰਤਰੀ ਬਣਾਉਣੇ ਹਨ। ਉਸ ਸਮੇਂ ਰਾਜਾ ਵੜਿੰਗ ਆਪਣੇ ਆਪ ਨੂੰ ਆਮ ਕਹਿ ਕੇ ਅੱਗੇ ਆਏ ਸਨ ਅੱਜ ਜਦੋਂ ਆਪਣੀ ਵਾਰੀ ਆਈ ਹੈ, ਤਾਂ ਇੰਨਾਂ ਨੂੰ ਹਲਕੇ ਵਿਚੋਂ ਕੋਈ ਵੀ ਅਜਿਹਾ ਕਾਂਗਰਸੀ ਵਰਕਰ ਨਹੀਂ ਮਿਲਿਆ ਜਿਸ ਨੂੰ ਪਾਰਟੀ ਦੀ ਟਿਕਟ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਜਦੋਂ ਵਾਇਨਾਡ ਵਿਚ ਰਾਹੁਲ ਗਾਂਧੀ ਨੇ ਹੋਰਨਾਂ ਕਾਂਗਰਸੀ ਵਰਕਰਾਂ ਨੂੰ ਛੱਡ ਕੇ ਆਪਣੀ ਭੈਣ ਨੂੰ ਟਿਕਟ ਦੇ ਦਿੱਤੀ ਤਾਂ ਫਿਰ ਰਾਜਾ ਵੜਿੰਗ ਦੀ ਧਰਮਪਤਨੀ ਨੂੰ ਟਿਕਟ ਦਿੱਤੇ ਜਾਣ ਤੇ ਉਹ ਕੀ ਬੋਲ ਸਕਦੇ ਸਨ।
ਮਨਪ੍ਰੀਤ ਸਿੰਘ ਬਾਦਲ ਨੇ ਆਖੀ ਇਹ ਗੱਲ
ਇਸ ਮੌਕੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਜੋ ਭਰੋਸਾ ਉਨ੍ਹਾਂ ਦੇ ਜਤਾਇਆ ਹੈ, ਉਸ ਸੰਬੰਧੀ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਜਦੋਂ ਤੱਕ ਗਿੱਦੜਬਾਹਾ ਦੇ ਲੋਕ ਖੁਸ਼ ਨਹੀਂ ਹੋ ਜਾਂਦੇ ਉਹ ਚੈਨ ਨਾਲ ਟਿਕ ਕੇ ਨਹੀਂ ਬੈਠਣਗੇ। ਇਸ ਮੌਕੇ ਉਨ੍ਹਾਂ ਨਾਲ ਅਵਿਨਾਸ਼ ਰਾਏ ਖੰਨਾ, ਦਿਆਲ ਸਿੰਘ ਸੋਢੀ ਅਤੇ ਸਤੀਸ ਅਸੀਜਾ ਵੀ ਮੌਜੂਦ ਸਨ।