Chima-Kima Issue: ਸਿੱਖ ਭਾਈਚਾਰਾ ਭੜਕਿਆ ਤਾਂ ਮਾਫੀ ਮੰਗਣ ਲੱਗੇ ਬੀਜੇਪੀ ਲੀਡਰ, ਹੁਣ ਪਾਉਂਟਾ ਸਾਹਿਬ 'ਚ ਟਕਰਾਅ
ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਵਿੱਚ ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਸਿੱਖ ਭਾਈਚਾਰਾ ਭੜਕ ਗਿਆ ਹੈ। ਕੱਲ੍ਹ ਪਾਉਂਟਾ ਸਾਹਿਬ ਵਿੱਚ ਪ੍ਰਦਰਸ਼ਨ ਦੌਰਾਨ ਭਾਜਪਾ ਨੇ 'ਚੀਮਾ ਕੀਮਾ ਨਹੀਂ ਚਲੇਂਗੇ' ਦਾ ਨਾਅਰਾ ਲਗਾਇਆ ਸੀ

Chima-Kima Issue: ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਵਿੱਚ ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਸਿੱਖ ਭਾਈਚਾਰਾ ਭੜਕ ਗਿਆ ਹੈ। ਕੱਲ੍ਹ ਪਾਉਂਟਾ ਸਾਹਿਬ ਵਿੱਚ ਪ੍ਰਦਰਸ਼ਨ ਦੌਰਾਨ ਭਾਜਪਾ ਨੇ 'ਚੀਮਾ ਕੀਮਾ ਨਹੀਂ ਚਲੇਂਗੇ' ਦਾ ਨਾਅਰਾ ਲਗਾਇਆ ਸੀ। ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖ ਭਾਈਚਾਰੇ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਤੇ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਪੱਸ਼ਟੀਕਰਨ ਦਿੱਤਾ।
ਰਾਜੀਵ ਬਿੰਦਲ ਨੇ ਲਿਖਿਆ, 'ਜੇਕਰ ਮੇਰੇ ਵਿਵਹਾਰ ਤੋਂ ਕਿਸੇ ਵੀ ਸਿੱਖ ਭਰਾ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਅਫਸੋਸ ਪ੍ਰਗਟ ਕਰਦਾ ਹਾਂ।' ਜੈਰਾਮ ਠਾਕੁਰ ਨੇ ਲਿਖਿਆ, ਮੈਂ ਪਾਉਂਟਾ ਸਾਹਿਬ ਵਿੱਚ ਹੋਈ ਜਨਤਕ ਮੀਟਿੰਗ ਵਿੱਚ ਕਿਸੇ ਵਿਸ਼ੇਸ਼ ਭਾਈਚਾਰੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਮੇਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੱਖ ਧਰਮ ਪ੍ਰਤੀ ਬਹੁਤ ਸਤਿਕਾਰ ਹੈ। ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮੇਰੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ।
ਸਿੱਖ ਭਾਈਚਾਰੇ ਨੇ ਚੇਤਾਵਨੀ ਦਿੱਤੀ
ਦੱਸ ਦਈਏ ਕਿ ਭਾਜਪਾ ਨੇ ਕਥਿਤ ਤੌਰ 'ਤੇ ਪਾਉਂਟਾ ਸਾਹਿਬ ਦੇ ਐਸਡੀਐਮ ਗੁਨਜੀਤ ਸਿੰਘ ਚੀਮਾ ਵਿਰੁੱਧ 'ਚੀਮਾ ਕੀਮਾ ਨਹੀਂ ਚਲੇਂਗੇ' ਦਾ ਨਾਅਰਾ ਲਾਇਆ ਸੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਨੁਮਾਇੰਦੇ ਪਾਉਂਟਾ ਸਾਹਿਬ ਗੁਰਦੁਆਰੇ ਦੇ ਕੰਪਲੈਕਸ ਵਿੱਚ ਇਕੱਠੇ ਹੋ ਗਏ ਤੇ ਸਖਤ ਚੇਤਾਵਨੀ ਦਿੱਤੀ। ਸਿੱਖਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਜੈਰਾਮ ਠਾਕੁਰ ਤੇ ਭਾਜਪਾ ਵਰਕਰ ਸਿੱਖ ਭਾਈਚਾਰੇ ਦੇ ਇੱਕ ਵੱਡੇ ਹਿੱਸੇ ਦਾ ਅਪਮਾਨ ਕਰਨ ਲਈ ਜਨਤਕ ਤੌਰ 'ਤੇ ਮੁਆਫੀ ਨਹੀਂ ਮੰਗਦੇ, ਤਾਂ ਸਿੱਖ ਭਾਈਚਾਰਾ ਚੁੱਪ ਨਹੀਂ ਬੈਠੇਗਾ। ਸਿੱਖ ਭਾਈਚਾਰੇ ਦੇ ਲੋਕਾਂ ਨੇ ਭਾਜਪਾ 'ਤੇ ਦੰਗੇ ਭੜਕਾਉਣ ਦਾ ਦੋਸ਼ ਲਗਾਇਆ।
ਆਖਰ ਕੀ ਹੈ ਮਾਮਲਾ?
ਦਰਅਸਲ, ਡੇਢ ਹਫ਼ਤਾ ਪਹਿਲਾਂ ਪਾਉਂਟਾ ਸਾਹਿਬ ਦੇ ਮਾਜਰਾ ਇਲਾਕੇ ਵਿੱਚ ਇੱਕ ਖਾਸ ਭਾਈਚਾਰੇ ਦੇ ਲੋਕਾਂ 'ਤੇ ਇੱਕ ਹਿੰਦੂ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਗਿਆ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਪਾਉਂਟਾ ਸਾਹਿਬ ਦੇ ਮਾਜਰਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਭਾਲ ਕੀਤੀ ਪਰ ਇੱਕ ਹਫ਼ਤੇ ਤੱਕ ਉਨ੍ਹਾਂ ਨੂੰ ਨਹੀਂ ਲੱਭ ਸਕੀ। ਇਸ ਮਗਰੋਂ 13 ਜੂਨ ਨੂੰ ਲੋਕਾਂ ਨੇ ਸਥਾਨਕ ਵਿਧਾਇਕ ਸੁਖਰਾਮ ਚੌਧਰੀ ਤੇ ਰਾਜੀਵ ਬਿੰਦਲ ਦੀ ਮੌਜੂਦਗੀ ਵਿੱਚ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਸ ਲੜਕੇ ਦੇ ਘਰ 'ਤੇ ਪੱਥਰ ਵੀ ਸੁੱਟੇ ਜਿਸ 'ਤੇ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਸੀ। ਇਸ ਦੌਰਾਨ ਇੱਕ ਏਐਸਆਈ ਸਮੇਤ 7 ਲੋਕ ਜ਼ਖਮੀ ਹੋ ਗਏ। ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਮਾਮੂਲੀ ਝੜਪ ਵੀ ਹੋਈ। ਉਸ ਦੌਰਾਨ ਪਾਉਂਟਾ ਸਾਹਿਬ ਦੇ ਐਸਡੀਐਮ ਗੁਨਜੀਤ ਸਿੰਘ ਚੀਮਾ ਦੇ ਹੱਥ ਵਿੱਚ ਡੰਡਾ ਫੜਿਆ ਦੇਖਿਆ ਗਿਆ। ਰਾਜੀਵ ਬਿੰਦਲ ਨੇ ਉਨ੍ਹਾਂ ਨੂੰ ਆਪਣਾ ਵਿਵਹਾਰ ਸੁਧਾਰਨ ਦੀ ਸਲਾਹ ਦਿੱਤੀ ਤੇ ਦੋਵਾਂ ਵਿਚਾਲੇ ਬਹਿਸ ਹੋਈ।
ਇਸ ਮਗਰੋਂ 13 ਜੂਨ ਦੀ ਰਾਤ ਨੂੰ ਪੁਲਿਸ ਨੇ ਰਾਜੀਵ ਬਿੰਦਲ ਤੇ ਪਾਉਂਟਾ ਸਾਹਿਬ ਦੇ ਵਿਧਾਇਕ ਸੁਖਰਾਮ ਚੌਧਰੀ ਤੇ ਕਈ ਹੋਰਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ, ਕਿਉਂਕਿ ਪੱਥਰਬਾਜ਼ੀ ਦੀ ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਸਨ। ਫਿਰ 14 ਜੂਨ ਨੂੰ ਪੁਲਿਸ ਨੇ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ। ਲੜਕੀ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਨੂੰ ਜ਼ਬਰਦਸਤੀ ਅਗਵਾ ਨਹੀਂ ਕੀਤਾ ਗਿਆ ਸੀ। ਉਹ ਆਪਣੀ ਮਰਜ਼ੀ ਨਾਲ ਗਈ ਸੀ। ਕੱਲ੍ਹ, ਭਾਜਪਾ ਨੇ ਪਾਉਂਟਾ ਸਾਹਿਬ ਦੇ ਰਾਮਲੀਲਾ ਮੈਦਾਨ ਵਿੱਚ ਭਾਜਪਾ ਆਗੂਆਂ ਵਿਰੁੱਧ ਐਫਆਈਆਰ ਦਾ ਵਿਰੋਧ ਕੀਤਾ। ਇਸ ਦੌਰਾਨ ਚੀਮਾ-ਕੀਮਾ ਕੰਮ ਨਹੀਂ ਚਲੇਂਗੇ ਦੇ ਨਾਅਰੇ ਲਾਏ ਗਏ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵੀ ਆਪਣੇ ਭਾਸ਼ਣ ਦੌਰਾਨ ਇਹੀ ਗੱਲ ਕਹੀ।
ਸਿੱਖ ਭਾਈਚਾਰਾ ਭੜਕਿਆ
ਸਿੱਖ ਭਾਈਚਾਰੇ ਦੇ ਲੀਡਰਾਂ ਨੇ ਸਪੱਸ਼ਟ ਕੀਤਾ ਕਿ ਚੀਮਾ ਸਿਰਫ਼ ਇੱਕ ਅਧਿਕਾਰੀ ਦਾ ਨਾਮ ਨਹੀਂ। ਇਹ ਸਿੱਖ ਭਾਈਚਾਰੇ ਦੀ ਇੱਕ ਵੱਕਾਰੀ ਪਛਾਣ ਹੈ। ਸਿੱਖ ਭਾਈਚਾਰਾ ਇਸ ਬਾਰੇ ਚੁੱਪ ਨਹੀਂ ਰਹੇਗਾ। ਸਿੱਖ ਭਾਈਚਾਰੇ ਨੂੰ ਚੀਮਾ ਕੀਮਾ ਕਹਿਣ ਨਾਲ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖ ਭਾਈਚਾਰੇ ਨੇ ਮੁੱਖ ਮੰਤਰੀ, ਪ੍ਰਸ਼ਾਸਨ ਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਨਾਅਰੇ ਲਗਾਉਣ ਵਾਲਿਆਂ ਦੀ ਪਛਾਣ ਕੀਤੀ ਜਾਵੇ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।






















