ਕੰਗਨਾ ਰਣੌਤ ਲਈ ਭਾਜਪਾ ਦੀ ਸਫ਼ਾਈ 'ਤੇ ਉੱਠਣ ਲੱਗੇ ਸਵਾਲ, ਜੇ ਹਰਿਆਣਾ 'ਚ ਚੋਣਾਂ ਨਾ ਹੁੰਦੀਆਂ ਤਾਂ ਨਹੀਂ ਆਉਣਾ ਸੀ ਸਪੱਸ਼ਟੀਕਰਨ
Kangana Ranaut: ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਕਿਸੇ ਭਾਜਪਾ ਆਗੂ ਵੱਲੋਂ ਲੋਕਾਂ ਜਾਂ ਕਿਸਾਨਾਂ ਲਈ ਇਸ ਤਰ੍ਹਾਂ ਦੇ ਬਿਆਨ ਜਾਂ ਕਾਰਵਾਈ ਕੀਤੀ ਗਈ ਹੋਵੇ, ਫਿਰ ਵੀ ਭਾਜਪਾ ਨੇ ਇਤਿਹਾਸਕ ਤੌਰ 'ਤੇ ਅਜਿਹੇ ਵਿਅਕਤੀਆਂ ਨੂੰ ਇਨਾਮ ਦਿੱਤਾ ਹੈ।
Kangana Ranaut: ਆਮ ਆਦਮੀ ਪਾਰਟੀ (AAP) ਪੰਜਾਬ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BJP ਵੱਲੋਂ ਕੰਗਨਾ ਰਣੌਤ (Kangana Ranaut) ਨੂੰ ਫਟਕਾਰ ਲਾਉਣ ਨੂੰ ਮਹਿਜ਼ ਇੱਕ ਦਿਖਾਵਾ ਅਤੇ ਰਣਨੀਤਕ ਕਦਮ ਦੱਸਿਆ ਹੈ।
ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ, 'AAP' ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਦਾਅਵਾ ਕੀਤਾ ਕਿ ਫਟਕਾਰ ਸਿਰਫ਼ ਦਿਖਾਵਾ ਹੈ, ਕਿਉਂਕਿ ਰਣੌਤ ਦੀ ਟਿੱਪਣੀ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਦਰਸਾਉਂਦੀ ਹੈ।
ਗਰਗ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਕਿਸੇ ਭਾਜਪਾ ਆਗੂ ਵੱਲੋਂ ਲੋਕਾਂ ਜਾਂ ਕਿਸਾਨਾਂ ਲਈ ਇਸ ਤਰ੍ਹਾਂ ਦੇ ਬਿਆਨ ਜਾਂ ਕਾਰਵਾਈ ਕੀਤੀ ਗਈ ਹੋਵੇ, ਫਿਰ ਵੀ ਭਾਜਪਾ ਨੇ ਇਤਿਹਾਸਕ ਤੌਰ 'ਤੇ ਅਜਿਹੇ ਵਿਅਕਤੀਆਂ ਨੂੰ ਇਨਾਮ ਦਿੱਤਾ ਹੈ। ਉਨ੍ਹਾਂ ਨੇ ਰਣੌਤ ਅਤੇ ਅਜੈ ਮਿਸ਼ਰਾ ਟੈਨੀ ਦੇ ਸਮਰਥਨ ਦਾ ਉਦਾਹਰਣਾ ਦਿੱਤਾ।
ਗਰਗ ਨੇ ਕਿਹਾ ਕਿ ਰਣੌਤ ਦੇ ਵਿਵਾਦਿਤ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਭਾਜਪਾ ਦੀ ਕੋਸ਼ਿਸ਼ ਸੰਭਾਵਤ ਤੌਰ 'ਤੇ ਕਈ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਅਕਸਰ ਕਿਸਾਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਰਾਰ ਦਿੰਦੇ ਹਨ, ਪਰ ਪਾਰਟੀ ਨੇ ਉਨ੍ਹਾਂ ਖਿਲਾਫ ਕਦੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ। ਗਰਗ ਨੇ ਸੁਝਾਅ ਦਿੱਤਾ ਕਿ ਭਾਜਪਾ ਦੇ ਤਾਜ਼ਾ ਬਿਆਨ ਮੁੱਖ ਰੂਪ 'ਚ ਹਰਿਆਣਾ ਜਿੱਥੇ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ, ਵਿੱਚ ਕਿਸਾਨਾਂ ਦੀ ਅਸੰਤੁਸ਼ਟੀ ਦੇ ਦਬਾਅ ਤੋਂ ਪ੍ਰੇਰਿਤ ਹਨ।
ਓਧਰ ਕੰਗਨਾ ਰਣੌਤ ਖਿਲਾਫ਼ ਕਾਨੂੰਨੀ ਨੋਟਿਸ ਵੀ ਜਾਰੀ ਹੋ ਗਿਆ ਹੈ। ਫਿਲਮ 'ਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ, ਮੰਡੀ ਗੋਬਿੰਦਗੜ੍ਹ, ਪੰਜਾਬ ਦੇ ਸੋਸ਼ਲ ਮੀਡੀਆ ਕਾਰਕੁਨ ਅਮਨਦੀਪ ਸਿੰਘ ਕਲਸੀ ਨੇ ਐਡਵੋਕੇਟ ਗੁਰਮਿੰਦਰ ਸਿੰਘ ਸਲਾਣਾ ਅਤੇ ਕੇਐਸ ਸਿੱਧੂ ਰਾਹੀਂ ਫਿਲਮ ਦੀ ਸਮੁੱਚੀ ਕਾਸਟ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਅਮਨਦੀਪ ਸਿੰਘ ਕਲਸੀ ਨੇ ਕਿਹਾ ਕਿ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਨਾਲ ਸਿੱਖਾਂ ਵਿਚ ਭਾਰੀ ਰੋਸ ਹੈ ਅਤੇ ਕਈ ਥਾਵਾਂ 'ਤੇ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਦੇਸ਼ ਵਿਚ ਅਮਨ-ਕਾਨੂੰਨ ਅਤੇ ਸ਼ਾਂਤੀ ਭੰਗ ਹੋ ਸਕਦੀ ਹੈ। ਸ਼ਿਕਾਇਤਕਰਤਾ ਅਮਨਦੀਪ ਸਿੰਘ ਕਲਸੀ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਨੂੰ ਵੀ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਫਿਲਮ ਐਮਰਜੈਂਸੀ ਨਾਲ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ।